ਕਾਂਗਰਸ ਪਾਰਟੀ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਕਾਂਗਰਸ ਦੀ ਪਹਿਲੀ ਸੂਚੀ ਪ੍ਰਿਯੰਕਾ ਗਾਂਧੀ ਨੇ ਜਾਰੀ ਕੀਤੀ ਹੈ। ਇਸ ਸੂਚੀ ਵਿੱਚ 125 ਉਮੀਦਵਾਰ ਹਨ, ਜਿਨ੍ਹਾਂ ਵਿੱਚ 50 ਮਹਿਲਾ ਉਮੀਦਵਾਰ ਸ਼ਾਮਿਲ ਹਨ।
ਉਨਾਓ ਬਲਾਤਕਾਰ ਪੀੜਤਾ ਦੀ ਮਾਂ ਨੂੰ ਵੀ ਕਾਂਗਰਸ ਨੇ ਉਮੀਦਵਾਰ ਬਣਾਇਆ ਹੈ। ਪ੍ਰਿਯੰਕਾ ਗਾਂਧੀ ਨੇ ਦੱਸਿਆ ਕਿ ਕਾਂਗਰਸ ਦੇ ਉਮੀਦਵਾਰਾਂ ਵਿੱਚ ਔਰਤਾਂ ਦੇ ਨਾਲ-ਨਾਲ ਕੁੱਝ ਪੱਤਰਕਾਰ, ਇੱਕ ਅਦਾਕਾਰਾ ਅਤੇ ਇੱਕ ਸਮਾਜ ਸੇਵਕ ਵੀ ਸ਼ਾਮਿਲ ਹੈ। ਵੱਡੇ ਨਾਵਾਂ ਦੀ ਗੱਲ ਕਰੀਏ ਤਾਂ ਸਲਮਾਨ ਖੁਰਸ਼ੀਦ ਦੀ ਪਤਨੀ ਲੁਈਸ ਖੁਰਸ਼ੀਦ ਨੂੰ ਟਿਕਟ ਮਿਲੀ ਹੈ। ਕਾਂਗਰਸ ਨੇ ਉਨਾਓ ਤੋਂ ਆਸ਼ਾ ਸਿੰਘ ਨੂੰ ਉਮੀਦਵਾਰ ਬਣਾਇਆ ਹੈ। ਇਸ ਤੋਂ ਇਲਾਵਾ ਐੱਨਆਰਸੀ-ਸੀਏਏ ਖਿਲਾਫ ਅੰਦੋਲਨ ਕਰਨ ਵਾਲੀ ਸਦਾਫ ਜਾਫਰ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਪੂਨਮ ਪਾਂਡੇ ਨੂੰ ਟਿਕਟ ਮਿਲੀ ਹੈ, ਉਹ ਆਸ਼ਾ ਵਰਕਰ ਹੈ।
ਕਾਂਗਰਸ ਦੀ ਸੂਚੀ ਜਾਰੀ ਕਰਦੇ ਹੋਏ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਸਾਡੀ ਉਨਾਓ ਉਮੀਦਵਾਰ ਉਨਾਓ ਸਮੂਹਿਕ ਬਲਾਤਕਾਰ ਪੀੜਤਾ ਦੀ ਮਾਂ ਹੈ। ਅਸੀਂ ਉਨ੍ਹਾਂ ਨੂੰ ਆਪਣਾ ਸੰਘਰਸ਼ ਜਾਰੀ ਰੱਖਣ ਦਾ ਮੌਕਾ ਦਿੱਤਾ ਹੈ। ਜਿਸ ਸੱਤਾ ਰਾਹੀਂ ਉਨ੍ਹਾਂ ਦੀ ਧੀ ‘ਤੇ ਤਸ਼ੱਦਦ ਹੋਇਆ, ਉਨ੍ਹਾਂ ਦਾ ਪਰਿਵਾਰ ਬਰਬਾਦ ਹੋਇਆ, ਉਹੀ ਤਾਕਤ ਉਨ੍ਹਾਂ ਨੂੰ ਮਿਲਣੀ ਚਾਹੀਦੀ ਹੈ। ਯੂਪੀ ਵਿੱਚ ਕੁੱਲ 403 ਸੀਟਾਂ ਹਨ ਜਿੱਥੇ ਸੱਤ ਪੜਾਵਾਂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਨ੍ਹਾਂ ਗੇੜਾਂ ਤਹਿਤ 10 ਫਰਵਰੀ, 14 ਫਰਵਰੀ, 20 ਫਰਵਰੀ, 23 ਫਰਵਰੀ, 27 ਫਰਵਰੀ, 3 ਮਾਰਚ ਅਤੇ 7 ਮਾਰਚ ਨੂੰ ਵੋਟਾਂ ਪੈਣਗੀਆਂ। ਬਾਕੀ ਰਾਜਾਂ (ਪੰਜਾਬ, ਮਨੀਪੁਰ, ਉਤਰਾਖੰਡ ਅਤੇ ਗੋਆ) ਦੇ ਨਾਲ 10 ਮਾਰਚ ਨੂੰ ਨਤੀਜੇ ਆਉਣਗੇ।