Site icon SMZ NEWS

ਬਸਪਾ ਸੂਬਾ ਇੰਚਾਰਜ ਰਣਧੀਰ ਸਿੰਘ ਬੈਨੀਪਾਲ ਨੇ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਹੇਠ ਇਕ ਮੀਟਿੰਗ ਫਗਵਾੜਾ ਵਿਖੇ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿਚ ਬਹੁਜਨ ਸਮਾਜ ਪਾਰਟੀ ਦੇ ਸੂਬਾ ਇੰਚਾਰਜ ਰਣਧੀਰ ਸਿੰਘ ਬੈਨੀਪਾਲ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੀਟਿੰਗ ਵਿਚ ਫਗਵਾੜੇ ਹਲਕੇ ਦੀ ਸਮੂਹ ਲੀਡਰਸ਼ਿਪ ਸ਼ਾਮਲ ਹੋਈ। ਸ. ਬੈਨੀਪਾਲ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਸੰਬੰਧੀ ਸਮੂਹ ਲੀਡਰਸ਼ਿਪ ਕੋਲੋਂ ਚੋਣ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਚੋਣ ਪ੍ਰਬੰਧਾਂ ’ਤੇ ਆਪਣੀ ਤਸੱਲੀ ਪ੍ਰਗਟਾਈ। ਇਸ ਮੌਕੇ ਉਨ੍ਹਾਂ ਨੇ ਲੀਡਰਸ਼ਿਪ ਦੇ ਅਹੁਦੇਦਾਰਾਂ ਦੀਆਂ ਡਿਊਟੀਆਂ ਵੀ ਲਗਾਈਆਂ। ਸ. ਬੈਨੀਪਾਲ ਨੇ ਰਮੇਸ਼ ਕੌਲ ਨੂੰ ਵਿਧਾਨ ਸਭਾ ਚੋਣਾਂ ਤੱਕ ਹਫਤੇ ਵਿਚ 6 ਦਿਨ ਫਗਵਾੜੇ ਵਿਚ ਬਿਤਾਉਣ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਹਰਭਜਨ ਬਲਾਲੋ ਨੂੰ ਸੂਬਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ।

ਸ. ਬੈਨੀਪਾਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਫਗਵਾੜੇ ਨੂੰ ਜ਼ਿਲ੍ਹਾ ਬਣਾਉਣ ਦੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਪਰ ਕਾਂਗਰਸ ਪਾਰਟੀ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸ਼੍ਰੋਅਦ-ਬਸਪਾ ਦੀ ਸਰਕਾਰ ਆਉਣ ’ਤੇ ਫਗਵਾੜੇ ਨੂੰ ਜ਼ਿਲੇ ਦਾ ਦਰਜਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਫਗਵਾੜੇ ਵਿਚ ਇਕ 500 ਬੈੱਡ ਦਾ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਹਸਪਤਾਲ ਬਣਾਇਆ ਜਾਵੇਗਾ ਤਾਂ ਜੋ ਲੋਕਾਂ ਨੂੰ ਇਲਾਜ ਦੇ ਲਈ ਦੂਜੇ ਸ਼ਹਿਰਾਂ ਵਿਚ ਜਾਣ ਲਈ ਮਜ਼ਬੂਰ ਨਾ ਹੋਣਾ ਪਵੇ। ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰਨ ਦੇ ਮਕਸਦ ਨਾਲ ਫਗਵਾੜੇ ਵਿਚ ਸਪੋਰਟਸ ਕੰਪਲੈਕਸ ਬਣਾਇਆ ਜਾਵੇਗਾ ਜਿੱਥੇ ਨੌਜਵਾਨ ਮੁੰਡੇ ਕੁੜੀਆਂ ਵੱਖ-ਵੱਖ ਖੇਡਾਂ ਵਿਚ ਹਿੱਸਾ ਲੈ ਕੇ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਣਗੇ।

ਇਸ ਮੌਕੇ ਸ. ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਰੈਲੀਆਂ ਕਰਕੇ ਜੋ ਐਲਾਨ ਕੀਤੇ ਜਾ ਰਹੇ ਹਨ ਉਹ ਸਾਰਾ ਡਰਾਮਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਜੋ ਵੀ ਐਲਾਨ ਕੀਤੇ ਹਨ ਉਹ ਸਭ ਸ਼੍ਰੋਅਦ-ਬਸਪਾ ਦੇ ਚੋਣ ਮੈਨੀਫੈਸਟੋ ਦੀ ਕਾਪੀ ਹੈ। ਪੰਜਾਬ ਦੇ ਲੋਕਾਂ ਨੂੰ ਹੁਣ ਕਾਂਗਰਸ, ਆਪ ਅਤੇ ਭਾਜਪਾ ਹੁਣ ਆਪਣੇ ਝੂਠੇ ਵਾਅਦੇ ਅਤੇ ਲਾਰਿਆਂ ਦੇ ਨਾਲ ਮੂਰਖ ਨਹੀਂ ਬਣਾ ਸਕੇ। ਪੰਜਾਬ ਦੇ ਲੋਕ ਚੋਣਾਂ ਵਿਚ ਇਨ੍ਹਾਂ ਨੂੰ ਮੂੰਹ ਨਹੀਂ ਲਾਉਣਗੇ ਅਤੇ ਸ਼੍ਰੋਅਦ-ਬਸਪਾ ਦੀ ਸਰਕਾਰ ਬਣਾ ਕੇ ਇਨ੍ਹਾਂ ਨੂੰ ਸਬਕ ਸਿਖਾਉਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਭਜਨ ਸਿੰਘ ਬਲਾਲੋ, ਰੇਸ਼ਮ ਕੌਲ ਸੂਬਾ ਇੰਚਾਰਜ, ਲੇਖਰਾਜ ਜਮਾਲਪੁਰੀ ਜ਼ੋਨ ਇੰਚਾਰਜ, ਮਨੋਹਰ ਜੱਖੂ, ਚਰਨਜੀਤ ਲਾਲ, ਕਾਲਾ, ਹਰਭਜਨ ਖਲਵਾੜਾ, ਪਰਮਜੀਤ ਖਲਵਾੜਾ, ਗੁਰਦਿੱਤਾ ਬੰਗੜ, ਤੇਜਪਾਲ ਬੱਸਰਾ, ਮਨਜੀਤ ਵਾਹਿਦ, ਚਰਨਜੀਤ ਚੱਕ ਹਕੀਮ, ਸੁਰਜੀਤ ਬੁਲਾਰਾ, ਭਗਵੰਤ ਸਿੰਘ ਚੌਹਾਨ ਅਤੇ ਨੀਲਮ ਸਹਿਗਲ ਤੋਂ ਇਲਾਵਾ ਬਹੁਤ ਸਾਰੇ ਅਹੁਦੇਦਾਰ ਅਤੇ ਵਰਕਰ ਮੌਜੂਦ ਸਨ।

Exit mobile version