ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣਾ ਫਿਰੋਜ਼ਪੁਰ ਦੌਰਾ ਰੱਦ ਕਰ ਦਿੱਤਾ ਹੈ, ਜਿੱਥੇ ਉਹ ਬੁੱਧਵਾਰ ਨੂੰ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਵਾਲੇ ਸਨ। ਪਹਿਲਾ ਜਾਣਕਾਰੀ ਸਾਹਮਣੇ ਆਈ ਸੀ ਕਿ ਖਰਾਬ ਮੌਸਮ ਦੇ ਕਾਰਨ ਪ੍ਰਧਾਨ ਮੰਤਰੀ ਨੇ ਵਾਪਸ ਮੁੜਨ ਦਾ ਫ਼ੈਸਲਾ ਕੀਤਾ ਹੈ।
ਪਰ ਹੁਣ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਇਸ ਦਾ ਕਾਰਨ ਦੱਸਿਆ ਹੈ। ਉਨ੍ਹਾਂ ਨੇ ਰੈਲੀ ਰੱਦ ਹੋਣ ਤੋਂ ਬਾਅਦ ਕਈ ਟਵੀਟ ਕੀਤੇ ਹਨ। ਉਨ੍ਹਾਂ ਲਿਖਿਆ ਕਿ- “ਪੰਜਾਬ ਦੀ ਕਾਂਗਰਸ ਸਰਕਾਰ ਵਿਕਾਸ ਵਿਰੋਧੀ ਹੈ ਅਤੇ ਇਸ ਨੂੰ ਆਜ਼ਾਦੀ ਘੁਲਾਟੀਆਂ ਦੀ ਵੀ ਕੋਈ ਪ੍ਰਵਾਹ ਨਹੀਂ ਹੈ।” ਨੱਡਾ ਨੇ ਅੱਗੇ ਲਿਖਿਆ ਕਿ, “ਸਭ ਤੋਂ ਪ੍ਰੇਸ਼ਾਨ ਕਰਨ ਵਾਲੀ ਗੱਲ ਪ੍ਰਧਾਨ ਮੰਤਰੀ ਦੀ ਸੁਰੱਖਿਆ ‘ਚ ਕੁਤਾਹੀ ਦਾ ਮੁੱਦਾ ਸੀ। ਪ੍ਰਦਰਸ਼ਨਕਾਰੀਆਂ ਨੂੰ ਪ੍ਰਧਾਨ ਮੰਤਰੀ ਦੇ ਰਸਤੇ ਵਿੱਚ ਦਾਖਲ ਹੋਣ ਦਿੱਤਾ ਗਿਆ। ਜਦੋਂ ਕਿ ਪੰਜਾਬ ਦੇ ਮੁੱਖ ਸਕੱਤਰ ਅਤੇ ਡੀਜੀਪੀ ਨੇ ਐਸਪੀਜੀ ਨੂੰ ਰਾਹ ਸੁਰੱਖਿਅਤ ਹੋਣ ਦਾ ਭਰੋਸਾ ਦਿੱਤਾ ਸੀ। ਪੰਜਾਬ ਦੇ ਮੁੱਖ ਮੰਤਰੀ ਚੰਨੀ ਨੇ ਇਸ ਮੁੱਦੇ ਦੇ ਹੱਲ ਲਈ ਜਾਂ ਇਸ ਮੁੱਦੇ ‘ਤੇ ਕੋਈ ਗੱਲਬਾਤ ਲਈ ਫੋਨ ਤੱਕ ਨਹੀਂ ਚੁੱਕਿਆ। ਲੋਕਤੰਤਰੀ ਕਦਰਾਂ-ਕੀਮਤਾਂ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕ ਕਾਂਗਰਸ ਸਰਕਾਰ ਵੱਲੋਂ ਵਰਤੇ ਜਾ ਰਹੇ ਤਰੀਕੇ ਦੇਖ ਕੇ ਦੁਖੀ ਹੋ ਜਾਣਗੇ।”
ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਇਸ ਮਾਮਲੇ ਨੂੰ ਸਮਝਾਉਣ ਅਤੇ ਹੱਲ ਕਰਨ ਲਈ ਫੋਨ ਕੀਤਾ ਗਿਆ ਸੀ ਪਰ ਉਨ੍ਹਾਂ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਦਾ ਇਹ ਰਵੱਈਆ ਬੇਹੱਦ ਦੁਖਦ ਹੈ।