ਚੀਨ ਦੇ ਕਰਜ਼ ਜਾਲ ਵਿਚ ਕੰਗਾਲ ਸ਼੍ਰੀਲੰਕਾ ਨੇ ਡ੍ਰੈਗਨ ਨੂੰ ਵੱਡਾ ਝਟਕਾ ਦਿੰਦੇ ਹੋਏ ਭਾਰਤ ਨਾਲ ਤ੍ਰਿੰਕੋਮਾਲੀ ਤੇਲ ਟੈਂਕ ਸਮਝੌਤਾ ਕੀਤਾ ਹੈ। ਭਾਰਤ ਤੇ ਸ਼੍ਰੀਲੰਕਾ ਸਾਂਝੇ ਤੌਰ ‘ਤੇ ਤ੍ਰਿਕੋਮਾਲੀ ਤੇਲ ਟੈਂਕ ਕੈਂਪਸ ਦਾ ਨਿਰਮਾਣ ਕਰਨਗੇ। ਰਣਨੀਤਕ ਲਿਹਾਜ਼ ਤੋਂ ਬੇਹੱਦ ਅਹਿਮ ਇਸ ਸਮਝੌਤੇ ਤਹਿਤ ਤ੍ਰਿੰਕੋ ਪੈਟਰੋਲੀਅਮ ਟਰਮੀਨਲ ਲਿਮਟਿਡ ਸੀਲੋਨ ਪੈਟਰੋਲੀਅਮ ਕਾਰਪੋਰੇਸ਼ਨ ਤੇ ਇੰਡੀਅਨ ਆਇਲ ਕਾਰਪੋਰੇਸ਼ਨ ਨਾਲ ਮਿਲ ਕੇ 61 ਤੇਲ ਟੈਂਕ ਵਿਕਸਿਤ ਕਰਨਗੇ। ਭਾਰਤ ਦੇ ਤਮਿਲਨਾਡੂ ਸੂਬੇ ਦੇ ਬੇਹੱਦ ਨੇੜੇ ਬਣ ਰਹੇ ਇਸ ਤੇਲ ਟੈਂਕ ਦਾ ਸਭ ਤੋਂ ਪਹਿਲਾ ਸੁਪਨਾ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਦੇਖਿਆ ਸੀ।
ਸ਼੍ਰੀਲੰਕਾ ਦੀ ਗੋਟਾਬਾਇਆ ਰਾਜਪਕਸ਼ੇ ਸਰਕਾਰ ਦੀ ਕੈਬਨਿਟ ਨੇ ਤ੍ਰਿੰਕੋਮਾਲੀ ਤੇਲ ਟੈਂਕ ਪ੍ਰਾਜੈਕਟ ਨੂੰ ਭਾਰਤ ਨਾਲ ਮਿਲ ਕੇ ਬਣਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਡੀਲ ਬਾਰੇ ਸਭ ਤੋਂ ਪਹਿਲਾਂ 29 ਅਕਤੂਬਰ 1987 ਨੂੰ ਹੋਏ ਭਾਰਤ-ਸ਼੍ਰੀਲੰਕਾ ਸਮਝੌਤੇ ਵਿਚ ਜ਼ਿਕਰ ਕੀਤਾ ਗਿਆ ਸੀ। ਇਸ ਵਿਚ ਕਿਹਾ ਗਿਆ ਸੀ ਕਿ ਇਸ ਟੈਂਕ ਨੂੰ ਸਾਂਝੇ ਰੂਪ ਨਾਲ ਦੋਵੇਂ ਦੇਸ਼ ਵਿਕਸਿਤ ਕਰਨਗੇ ਪਰ 35 ਸਾਲ ਬੀਤ ਜਾਣ ਦੇ ਬਾਅਦ ਵੀ ਇਹ ਸਮਝੌਤਾ ਲਟਕਿਆ ਹੋਇਆ ਸੀ। ਉਸ ਸਮੇਂ ਰਾਜੀਵ ਗਾਂਧੀ ਤੇ ਸ਼੍ਰੀਲੰਕਾ ਦੇ ਤਤਕਾਲੀ ਰਾਸ਼ਟਰਪਤੀ ਜੇ. ਆਰ. ਜੈਵਰਧਨੇ ਵਿਚ ਚਿੱਠੀਆਂ ਦਾ ਆਦਾਨ-ਪ੍ਰਦਾਨ ਵੀ ਹੋਇਆ ਸੀ।
ਸ਼੍ਰੀਲੰਕਾ ਵਿਚ ਚੱਲ ਰਹੇ ਗ੍ਰਹਿ ਯੁੱਧ ਦੀ ਵਜ੍ਹਾ ਨਾਲ ਇਹ ਸਮਝੌਤਾ ਲਗਭਗ 15 ਸਾਲ ਤੱਕ ਠੰਡੇ ਬਸਤੇ ‘ਚ ਪਿਆ ਰਿਹਾ। ਇਸ ਤੋਂ ਬਾਅਦ 2002 ‘ਚ ਨਾਰਵੇ ਦੀ ਵਿਚਲਗੀ ‘ਚ ਗ੍ਰਹਿ ਯੁੱਧ ਖਤਮ ਹੋਇਆ। ਫਿਰ ਅਜਿਹੀਆਂ ਖਬਰਾਂ ਆਈਆਂ ਕਿ ਅਮਰੀਕਾ ਸ਼੍ਰੀਲੰਕਾ ਦੇ ਤ੍ਰਿੰਕੋਮਾਲੀ ਬੰਦਰਗਾਹ ਨੂੰ ਫੌਜੀ ਅੱਡਾ ਬਣਾਉਣਾ ਚਾਹੁੰਦਾ ਹੈ ਤਾਂ ਕਿ ਅਫਗਾਨਿਸਤਾਨ ‘ਚ ਰਸਦ ਨੂੰ ਆਸਾਨੀ ਨਾਲ ਪਹੁੰਚਾਇਆ ਜਾ ਸਕੇ। ਇਸ ਤੋਂ ਬਾਅਦ ਭਾਰਤੀ ਹਾਈ ਕਮਿਸ਼ਨਰ ਨੇ ਤ੍ਰਿੰਕੋਮਾਲੀ ਦਾ ਦੌਰਾ ਕੀਤਾ ਸੀ।ਇਹ ਤੇਲ ਟੈਂਕ ਦੂਜੇ ਵਿਸ਼ਵ ਯੁੱਧ ਦੇ ਸਮੇਂ ਤੋਂ ਪਹਿਲਾਂ ਦਾ ਹੈ ਜਿਥੇ 10 ਲੱਖ ਟਨ ਤੇਲ ਰੱਖਿਆ ਜਾ ਸਕਦਾ ਹੈ।ਇਸ ਤੇਲ ਟੈਂਕ ਸਟੋਰੇਜ ਕੋਲ ਹੀ ਤ੍ਰਿਕੋਮਾਲੀ ਬੰਦਰਗਾਹ ਹੈ। ਤ੍ਰਿੰਕੋਮਾਲੀ ਚੇਨਈ ਦਾ ਸਭ ਤੋਂ ਕਰੀਬੀ ਬੰਦਰਗਾਹ ਹੈ। ਚੀਨ ਨੇ ਸ਼੍ਰੀਲੰਕਾ ਦੇ ਇਸ ਇਲਾਕੇ ‘ਤੇ ਲੰਮੇ ਸਮੇਂ ਤੋਂ ਨਜ਼ਰ ਰੱਖੀ ਹੋਈ ਹੈ। ਸ਼੍ਰੀਲੰਕਾ ਨੇ ਇਹ ਸਮਝੌਤਾ ਅਜਿਹੇ ਸਮੇਂ ਕੀਤਾ ਹੈ ਜਦੋਂ ਸ਼੍ਰੀਲੰਕਾ ਵਿਚ ਵਿੱਤੀ ਤੇ ਮਨੁੱਖੀ ਸੰਕਟ ਡੂੰਘਾ ਹੋ ਗਿਆ ਹੈ। ਚੀਨ ਦੇ ਕਰਜ਼ਜਾਲ ਦੀ ਵਜ੍ਹਾ ਨਾਲ ਮਹਿੰਗਾਈ ਰਿਕਾਰਡ ਲੈਵਲ ‘ਤੇ ਪਹੁੰਚ ਗਈ ਹੈ। ਖਾਧ ਪਦਾਰਥਾਂ ਦੀ ਕੀਮਤ ‘ਚ ਬਹੁਤ ਤੇਜ਼ੀ ਆਈ ਹੈ ਤੇ ਸਰਕਾਰੀ ਖਜ਼ਾਨਾ ਤੇਜ਼ੀ ਨਾਲ ਖਾਲੀ ਹੋ ਰਿਹਾ ਹੈ। ਇਸ ਲਈ ਸ਼ੰਕਾ ਜਤਾਈ ਜਾ ਰਹੀ ਹੈ ਕਿ ਸ਼੍ਰੀਲੰਕਾ ਇਸ ਸਾਲ ਦੀਵਾਲੀਆ ਹੋ ਸਕਦਾ ਹੈ।
Comment here