2022 ਦਾ ਪਹਿਲਾ ਹਫਤਾ ਕੰਗਣਾ ਲਈ ਸਕੂਨ ਭਰੀ ਖਬਰ ਲੈ ਕੇ ਆਇਆ ਹੈ। ਦਰਅਸਲ ਜਾਵੇਦ ਅਖਤਰ ਨੇ ਮੁੰਬਈ ਦੀ ਸਥਾਨਕ ਅਦਾਲਤ ਵਿਚ ਇੱਕ ਪਟੀਸ਼ਨ ਦਾਇਰ ਕਰਕੇ ਕੰਗਣਾ ਰਣੌਤ ਖਿਲਾਫ ਅਪਰਾਧਿਕ ਮਾਨਹਾਣੀ ਮਾਮਲੇ ‘ਚ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਦੀ ਅਪੀਲ ਕੀਤੀ ਸੀ। ਹੁਣ ਅਦਾਲਤ ਨੇ ਕੰਗਣਾ ਰਣੌਤ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਦੀ ਮੰਗ ਖਾਰਜ ਕਰ ਦਿੱਤੀ ਹੈ। ਜਾਵੇਦ ਅਖਤਰ ਦੇ ਵਕੀਲ ਜੈ ਭਾਰਦਵਾਜ ਨੇ ਕਿਹਾ ਕਿ ਅਗਲੀ ਸੁਣਵਾਈ ਅੰਧੇਰੀ ਮੈਟ੍ਰੋਪਾਲਿਟਨ ਮੈਜਿਸਟ੍ਰੇਟ ਵਿਚ 1 ਫਰਵਰੀ ਨੂੰ ਹੋਵੇਗੀ।
ਜਾਵੇਦ ਅਖਤਰ ਨੇ ਪਿਛਲੇ ਸਾਲ ਦਸੰਬਰ ‘ਚ ਕੋਰਟ ‘ਚ ਪਟੀਸ਼ਨ ਲਗਾਈ ਸੀ। ਅਖਤਰ ਵੱਲੋਂ ਕਿਹਾ ਗਿਆ ਸੀ ਕਿ ਕੰਗਣਾ ਬਹਾਨੇ ਬਣਾ ਕੇ ਅਦਾਲਤ ‘ਚ ਪੇਸ਼ ਨਹੀਂ ਹੋ ਰਹੀ ਪਰ ਇਸ ਸਮੇਂ ਉਹ ਜਨਤਕ ਪ੍ਰੋਗਾਰਮਾਂ ‘ਚ ਨਜ਼ਰ ਆ ਰਹੀ ਹੈ। ਅਦਾਲਤ ਨੇ ਅਰਜ਼ੀ ‘ਤੇ ਕੰਗਣਾ ਦੇ ਵਕੀਲ ਦੀ ਸੁਣਵਾਈ ਦੀ ਅਗਲੀ ਤਰੀਖ 4 ਜਨਵਰੀ ਨੂੰ ਆਪਣਾ ਜਵਾਬ ਦਾਖਲ ਕਰਨ ਦਾ ਨਿਰਦੇਸ਼ ਦਿੱਤਾ ਸੀ। ਕੰਗਣਾ ਆਖਰੀ ਵਾਰ 20 ਸਤੰਬਰ ਨੂੰ ਅੰਧੇਰੀ ਮੈਟ੍ਰੋਪੋਲੀਟਨ ਮੈਜਿਸਟ੍ਰੇਟ ਆਰ. ਆਰ. ਖਾਨ ਦੇ ਸਾਹਮਣੇ ਪੇਸ਼ ਹੋਈ ਸੀ।
ਇਸ ਤੋਂ ਪਹਿਲਾਂ ਇੱਕ ਮੁੱਖ ਮੈਟ੍ਰੋਪਾਲਿਟਨ ਮੈਜਿਸਟ੍ਰੇਟ ਨੇ ਅਪਰਾਧਿਕ ਮਾਨਹਾਣੀ ਮਾਮਲੇ ਨੂੰ ਟਰਾਂਸਫਰ ਕਰਨ ਸਬੰਧੀ ਰਣੌਤ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਹਾਲਾਂਕਿ ਜਾਵੇਦ ਦੀ ਸ਼ਿਕਾਇਤ ਤੋਂ ਬਾਅਦ ਮੈਟ੍ਰੋਪਾਲਿਟਨ ਮੈਜਿਸਟ੍ਰੇਟ ਕੋਰਟ ਨੇ ਕੰਗਣਾ ਖਿਲਾਫ ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ। ਕੰਗਣਾ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ। ਜ਼ਮਾਨਤ ਤੋਂ ਬਾਅਦ ਉਸ ਦਾ ਵਾਰੰਟ ਰੱਦ ਕਰ ਦਿੱਤਾ ਗਿਆ ਸੀ।
ਗੌਰਤਲਬ ਹੈ ਕਿ ਜਾਵੇਦ ਅਖਤਰ ਨੇ ਆਪਣੇ ਵਕੀਲ ਨਿਰੰਜਨ ਮੁੰਦਰਗੀ ਜ਼ਰੀਏ 2 ਨਵੰਬਰ 2020 ਨੂੰ ਇੱਕ ਪ੍ਰਾਈਵੇਟ ਸ਼ਿਕਾਇਤ ਦਰਜ ਕਰਵਾਈ ਸੀ। ਇਸ ‘ਚ ਉੁਨ੍ਹਾਂ ਨੇ ਕੰਗਣਾ ਖਿਲਾਫ IPC ਦੇ ਸੈਕਸ਼ਨ 499 ਮਾਣਹਾਨੀ ਤੇ ਸੈਕਸ਼ਨ 500 (ਮਾਨਹਾਣੀ ਲਈ ਸਜ਼ਾ) ਤਹਿਤ ਦੋਸ਼ ਲਗਾਏ ਸਨ। ਅਖਤਰ ਦਾ ਦਾਅਵਾ ਸੀ ਕਿ 57 ਮਿੰਟ ਤੱਕ ਚੱਲੇ ਇੰਟਰਵਿਊ ਵਿਚ ਕੰਗਣਾ ਬਿਨਾਂ ਕਿਸੇ ਸਬੂਤ ਦੇ ਸੁਸ਼ਾਂਤ ਦੀ ਮੌਤ ਨਾਲ ਜੁੜੇ ਹਾਲਾਤਾਂ ਬਾਰੇ ਬੋਲਦੀ ਦਿਖਾਈ ਦਿੰਦੀ ਹੈ। ਅਖਤਰ ਦਾ ਦਾਅਵਾ ਸੀ ਕਿ ਕੰਗਣਾ ਦੇ ਰਿਤਿਕ ਰੋਸ਼ਨ ਮਾਮਲੇ ‘ਚ ਸੁਸਾਈਡ ਗੈਂਗ ਦਾ ਹਿੱਸਾ ਹੋਣ ਦੇ ਕਮੈਂਟ ਦੇ ਚੱਲਦਿਆਂ ਉਨ੍ਹਾਂ ਨੂੰ ਧਮਕੀ ਭਰੇ ਫੋਨ ਕਾਲਸ ਤੇ ਮੈਸੇਜ ਆਏ।ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਟਰੋਲ ਕੀਤਾ ਗਿਆ। ਉਨ੍ਹਾਂ ਮੁਤਾਬਕ ਇਸ ਕਮੈਂਟ ਕਾਰਨ ਉਨ੍ਹਾਂ ਦਾ ਅਕਸ ਖਰਾਬ ਹੋਇਆ ਸੀ।
Comment here