ਪੰਜਾਬ ਵਿੱਚ ਇੱਕ ਵਾਰ ਫਿਰ ਕੋਰੋਨਾ ਵਾਇਰਸ ਨੇ ਜ਼ੋਰ ਫੜ ਲਿਆ ਹੈ। ਇਸ ਦੇ ਮੱਦੇਨਜ਼ਰ ਹੁਣ ਸੂਬੇ ਦੇ ਸਾਰੇ ਸਕੂਲਾਂ ਵਿੱਚ ਬੱਚਿਆਂ ਲਈ ਤਾਂ ਸਕੂਲ ਬੰਦ ਕਰ ਦਿੱਤੇ ਗਏ ਹਨ ਪਰ ਸਾਰੇ ਅਧਿਆਪਕਾਂ ਨੂੰ ਸਕੂਲ ਆਉਣ ਦੇ ਹੁਕਮ ਦਿੱਤੇ ਹਨ।
ਸਰਕਾਰ ਨੇ ਇੱਕ ਪੱਤਰ ਜਾਰੀ ਕਰਕੇ ਕਿਹਾ ਹੈ ਕਿ ਸੂਬੇ ਦੇ ਸਾਰੇ ਸਕੂਲ ਵਿਦਿਆਰਥੀਆਂ ਲਈ ਬੰਦ ਰਹਿਣਗੇ ਪਰ ਸਟਾਫ ਦੀ ਹਾਜ਼ਰੀ ਲਾਜ਼ਮੀ ਹੋਵੇਗੀ। ਕੋਰੋਨਾ ਕਰਕੇ ਲਾਈਆਂ ਗਈਆਂ ਪਾਬੰਦੀਆਂ ਮੁਤਾਬਕ 15 ਜਨਵਰੀ ਤੱਕ ਵਿਦਿਆਰਥੀਆਂ ਨੂੰ ਸਕੂਲੋਂ ਹੀ ਆਨਲਾਈਨ ਪੜ੍ਹਾਈ ਕਰਵਾਈ ਜਾਵੇਗੀ।
ਸਾਲਾਨਾ ਪ੍ਰੀਖਿਆਵਾਂ ਨੇੜੇ ਹਨ, ਜਿਸ ਕਰਕੇ ਸਾਰੇ ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਨੂੰ ਆਮ ਦਿਨਾਂ ਵਾਂਗ ਸਕੂਲਾਂ ਵਿੱਚ ਹਾਜ਼ਰ ਹੋਣ ਲਈ ਕਿਹਾ ਗਿਆ ਹੈ ਤਾਂ ਜੋ ਬੱਚਿਆਂ ਦੀ ਪੜ੍ਹਾਈ ‘ਤੇ ਕੋਈ ਅਸਰ ਨਾ ਪਏ। ਟੀਚਰ ਸਕੂਲਾਂ ਵਿੱਚ ਪ੍ਰਾਜੈਕਟਰ, ਕੰਪਿਊਟਰ ਆਦਿ ਦੀ ਸਹਾਇਤਾ ਨਾਲ ਆਨਲਾਈਨ ਕਲਾਸਾਂ ਲੈਣਗੇ।ਦੱਸ ਦੇਈਏ ਕਿ ਪੰਜਾਬ ਵਿੱਚ ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਚੱਲਦਿਆਂ 15 ਜਨਵਰੀ ਤੱਕ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਐਲਾਨ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਾਰੇ ਸਕੂਲ-ਕਾਲਜਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਿਨੇਮਾ ਘਰਾਂ, ਬਾਰ, ਸਪਾ ਸੈਂਟਰ, ਮਾਲ, ਮਲਟੀਪਲੈਕਸ ਆਦਿ ਨੂੰ 50 ਫ਼ੀਸਦੀ ਸਮਰੱਥਾ ਨਾਲ ਚਲਾਉਣ ਦੇ ਆਦੇਸ਼ ਦਿੱਤੇ ਹਨ ਤੇ ਸਪੋਰਟ ਕੰਪਲੈਕਸ ਤੇ ਸਵੀਮਿੰਗ ਪੂਲ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਗਏ ਹਨ । AC ਬੱਸਾਂ ਵੀ 50 ਫ਼ੀਸਦੀ ਸਮਰੱਥਾ ਨਾਲ ਚਲਾਉਣ ਦੇ ਹੁਕਮ ਦਿੱਤੇ ਗਏ ਹਨ। ਉੱਥੇ ਹੀ ਸਰਕਾਰੀ ਦਫਤਰਾਂ ਦੇ ਨਾਲ -ਨਾਲ ਪ੍ਰਾਈਵੇਟ ਦਫਤਰਾਂ, ਫੈਕਟਰੀਆਂ ਤੇ ਉਦਯੋਗਾਂ ਵਿੱਚ ਸਿਰਫ ਪੂਰਾ ਟੀਕਾਕਰਨ ਕਰਵਾ ਚੁੱਕਿਆ ਸਟਾਫ ਹੀ ਕੰਮ ਕਰ ਸਕੇਗਾ।