ਗੁਲਾਬੀ ਸੁੰਡੀ ਕਰਕੇ ਨੁਕਸਾਨੀ ਗਈ ਫਸਲ ਕਰਕੇ ਬਠਿੰਡਾ-ਮਾਨਸਾ ਦੇ ਕਈ ਕਿਸਾਨ ਕਰਜ਼ੇ ਦੀ ਮਾਰ ਹੇਠ ਆ ਗਏ ਤੇ ਹੁਣ ਉਹ ਕਰਜ਼ੇ ਦਾ ਭੁਗਤਾਨ ਕਰਨਾ ਉਨ੍ਹਾਂ ਲਈ ਬਹੁਤ ਮੁਸ਼ਕਲ ਹੋ ਰਹੇ ਹਨ। ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਇੱਕ ਹੋਰ ਕਿਸਾਨ ਨੇ ਆਪਣੀ ਜ਼ਿੰਦਗੀ ਦਾ ਅੰਤ ਕਰ ਲਿਆ।
ਮਾਮਲਾ ਸਬ-ਡਿਵੀਜ਼ਨ ਸਰਦੂਲਗੜ੍ਹ ਦੇ ਪਿੰਡ ਲਾਲਿਆਂਵਾਲੀ ਤੋਂ ਸਾਹਮਣੇ ਆਇਆ ਹੈ ਜਿਥੇ ਕਿਸਾਨ ਅੰਗਰੇਜ਼ ਸਿੰਘ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਉਕਤ ਕਿਸਾਨ ਕੋਲ ਇੱਕ ਕਿੱਲਾ ਜ਼ਮੀਨ ਹੈ ਤੇ ਨਰਮੇ ਦੀ ਖੇਤੀ ਕਰਦਾ ਸੀ ਜੋ ਗੁਲਾਬੀ ਸੁੰਡੀ ਕਾਰਨ ਖ਼ਰਾਬ ਹੋ ਗਈ, ਜਿਸ ਕਰਕੇ ਉਹ ਤਕਰੀਬਨ ਪੰਜ ਲੱਖ ਰੁਪਏ ਦੇ ਕਰਜ਼ੇ ਹੇਠਾਂ ਆ ਗਿਆ ਸੀ। ਕਰਜ਼ੇ ਦਾ ਭੁਗਤਾਨ ਕਰਨ ਲਈ ਕੋਈ ਹੀਲਾ-ਵਸੀਲਾ ਨਹੀਂ ਬਣ ਰਿਹਾ ਸੀ, ਜਿਸ ਕਰਕੇ ਉਹ ਪ੍ਰੇਸ਼ਾਨ ਰਹਿਣ ਲੱਗ ਪਿਆ ਤੇ ਅੱਜ ਗਲ ਵਿਚ ਫਾਹਾ ਪਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।
ਕਿਸਾਨ ਅੰਗਰੇਜ਼ ਸਿੰਘ ਆਪਣੇ ਪਿੱਛੇ ਧਰਮ ਪਤਨੀ ਤੋਂ ਇਲਾਵਾ ਦੋ ਲੜਕੇ ਤੇ ਇੱਕ ਲੜਕੀ ਛੱਡ ਗਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਬਠਿੰਡਾ-ਮਾਨਸੇ ਦੇ ਕਈ ਕਿਸਾਨ ਨਰਮੇ ਦੀ ਖਰਾਬ ਫਸਲ ਕਰਕੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀਆਂ ਕਰ ਚੁੱਕੇ ਹਨ।