Site icon SMZ NEWS

PM ਮੋਦੀ ‘ਤੇ ਰਾਹੁਲ ਦਾ ਹਮਲਾ, ‘ਜੇ ਡਾ. ਮਨਮੋਹਨ ਸਮੇਂ ਚੀਨ ਜ਼ਮੀਨ ਨੱਪਦਾ ਤਾਂ ਉਸੇ ਦਿਨ ਦੇ ਦਿੰਦੇ ਅਸਤੀਫਾ’

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਈ ਸੀਨੀਅਰ ਲੀਡਰ ਕਾਂਗਰਸ ਨੂੰ ਛੱਡ ਕੇ ਦੂਜੀਆਂ ਪਾਰਟੀਆਂ ਵਿੱਚ ਸ਼ਾਮਲ ਹੋ ਰਹੇ ਹਨ। ਅਜਿਹੇ ਲੀਡਰਾਂ ‘ਤੇ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਤੰਜ ਕੱਸਿਆ ਤੇ ਨਾਲ -ਨਾਲ ਹੀ ਨਾਲ ਪੀ.ਐੱਮ. ਮੋਦੀ ਅਤੇ ਬੀਜੇਪੀ-ਆਰ.ਐੱਸ.ਐੱਸ. ਉੱਤੇ ਵੀ ਹਮਲਾ ਬੋਲਿਆ।

ਜੈਪੁਰ ਵਿੱਚ ਕਾਂਗਰਸ ਦੇ ਟ੍ਰੇਨਿੰਗ ਸੈਸ਼ਨ ਵਿੱਚ ਵੀਸੀ ਨਾਲ ਜੁੜੇ ਰਾਹੁਲ ਗਾਂਧੀ ਨੇ ਕਿਹਾ- ਸਾਡੀ ਲਕਸ਼ਮਣ ਰੇਖਾ ਸੱਚ ਹੈ, ਜਿੱਥੇ ਅਸੀਂ ਸੱਚ ਦੇਖਾਂਗੇ, ਉੱਥੇ ਹੀ ਰਹਾਂਗੇ। ਸਵਾਲ ਇਹ ਪੈਦਾ ਹੁੰਦਾ ਹੈ ਕਿ ਅਜਿਹੇ ਸਮੇਂ ਘਰੋਂ ਕੌਣ ਭੱਜਦਾ ਹੈ? ਅਸੀਂ ਗੁੱਸਾ ਤਾਂ ਕਰ ਸਕਦੇ ਹਾਂ, ਪਰ ਘਰੋਂ ਭੱਜ ਨਹੀਂ ਸਕਦੇ।

Rahul attack on PM Modi

ਰਾਹੁਲ ਨੇ ਕਿਹਾ ਕਿ ਅਸੀਂ ਨਫ਼ਰਤ ਅਤੇ ਡਰ ਨੂੰ ਬਾਹਰ ਕੱਢ ਦੇਵਾਂਗੇ। ਅੱਜ ਸਮਾਜ ਵਿੱਚ ਨਫ਼ਰਤ ਅਤੇ ਡਰ ਫੈਲਾਇਆ ਜਾ ਰਿਹਾ ਹੈ। ਸੱਚ ਨੂੰ ਦਬਾਇਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਰਾਹੁਲ ਨੇ ਕੈਪਟਨ ਅਮਰਿੰਦਰ ਸਿੰਘ ਸਣੇ ਕਈ ਹੋਰ ਆਗੂਆਂ ‘ਤੇ ਇਹ ਤੰਜ ਕੱਸਿਆ ਹੈ, ਜਿਨ੍ਹਾਂ ਨੇ ਹਾਲ ਹੀ ਵਿੱਚ ਪਾਰਟੀ ਛੱਡ ਨੂੰ ਅਲਵਿਦਾ ਆਖ ਦਿੱਤਾ ਸੀ।

ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ਭਾਜਪਾ ਅਤੇ ਕੇਂਦਰ ਸਰਕਾਰ ਨੂੰ ਸੱਚਾਈ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਚੀਨ ਨੇ ਸਾਡੀ ਜ਼ਮੀਨ ‘ਤੇ ਕਬਜ਼ਾ ਕਰ ਲਿਆ ਅਤੇ ਪ੍ਰਧਾਨ ਮੰਤਰੀ ਚੁੱਪ ਹਨ। ਕੋਈ ਵੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਹੈ। ਮਨਮੋਹਨ ਸਿੰਘ ਪ੍ਰਧਾਨ ਮੰਤਰੀ ਹੁੰਦੇ ਤੇ ਜੇ ਚੀਨ ਨੇ ਜ਼ਮੀਨ ‘ਤੇ ਕਬਜ਼ਾ ਕਰ ਲਿਆ ਹੁੰਦਾ, ਮੈਂ ਗਾਰੰਟੀ ਨਾਲ ਕਹਿ ਰਿਹਾ ਹਾਂ, ਮਨਮੋਹਨ ਸਿੰਘ ਉਸੇ ਦਿਨ ਅਸਤੀਫਾ ਦੇ ਦਿੰਦੇ। ਮੌਜੂਦਾ ਪ੍ਰਧਾਨ ਮੰਤਰੀ ਕੋਲ ਅਜਿਹੀ ਨੈਤਿਕ ਹਿੰਮਤ ਨਹੀਂ ਹੈ।

ਉਨ੍ਹਾਂ ਅਗੇ ਕਿਹਾ ਕਿ ਨਰਿੰਦਰ ਮੋਦੀ ਅਤੇ ਆਰ.ਐੱਸ.ਐੱਸ. ਦੇ ਲੋਕ ਸੱਚ ਦਾ ਸਾਹਮਣਾ ਨਹੀਂ ਕਰ ਸਕਦੇ। ਨਰਿੰਦਰ ਮੋਦੀ ਨੇ ਪੂਰੇ ਭਾਰਤ ਵਿੱਚ ਨਫ਼ਰਤ ਫੈਲਾਈ ਹੋਈ ਹੈ। ਪੀ.ਐੱਮ. ਨੇ ਨੋਟਬੰਦੀ, ਜੀ.ਐੱਸ.ਟੀ. ਵਰਗੇ ਗਲਤ ਕਦਮ ਚੁੱਕੇ ਹਨ। ਇਸ ਨਾਲ ਦੇਸ਼ ਦੇ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਹੈ। ਸਾਡੀ ਜਿੰਮੇਵਾਰੀ ਨਫ਼ਰਤ ਨਾਲ ਲੜਨਾ ਅਤੇ ਦੇਸ਼ ਨੂੰ ਸੱਚ ਦੱਸਣਾ ਹੈ। ਖੇਤੀ ਕਾਨੂੰਨਾਂ ਦੀ ਸੱਚਾਈ ਦੇਸ਼ ਨੂੰ ਦੱਸਣੀ ਪਵੇਗੀ। ਸਾਰੇ ਵਰਕਰਾਂ ਨੂੰ ਹਰ ਪੱਧਰ ‘ਤੇ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਉਹ ਵਿਚਾਰਧਾਰਕ ਤੌਰ ‘ਤੇ ਮਜ਼ਬੂਤ ਬਣ ਸਕਣ।

ਰਾਹੁਲ ਨੇ ਕਿਹਾ ਕਿ ਜਿਸ ਨੂੰ ਅਸੀਂ ਹਿੰਦੂਵਾਦ ਕਹਿੰਦੇ ਹਾਂ ਜਾਂ ਜਿਸ ਨੂੰ ਮੁਸਲਮਾਨ ਇਸਲਾਮ ਕਹਿੰਦੇ ਹਨ, ਇਹ ਸੱਚਾਈ ਲੱਭਣ ਦੇ ਤਰੀਕੇ ਹਨ। ਹਿੰਦੂਤਵਵਾਦੀਆਂ ਲਈ ਧਰਮ ਸੱਚ ਦਾ ਰਾਹ ਨਹੀਂ ਹੈ। ਉਹ ਧਰਮ ਨੂੰ ਸਿਆਸੀ ਹਥਿਆਰ ਵਿੱਚ ਬਦਲ ਦਿੰਦੇ ਹਨ। ਜਦੋਂ ਅਸੀਂ ਧਰਮ ਨੂੰ ਸਿਆਸੀ ਹਥਿਆਰ ਬਣਾਉਂਦੇ ਹਾਂ, ਤਾਂ ਅਸੀਂ ਇਸ ਦਾ ਅਪਮਾਨ ਕਰਦੇ ਹਾਂ। ਅਸੀਂ ਸੱਚ ਦੇ ਰਾਹ ‘ਤੇ ਚੱਲਣ ਲਈ ਧਰਮ ਦੀ ਵਰਤੋਂ ਕਰਦੇ ਹਾਂ। ਇਸ ਨੂੰ ਸਮਝਣਾ ਜ਼ਰੂਰੀ ਹੈ।

Exit mobile version