ਨਵੇਂ ਸਾਲ ਤੋਂ ਪਹਿਲਾਂ ਰਾਹਤ ਭਰੀ ਖਬਰ ਹੈ। ਖਾਣ ਵਾਲੇ ਤੇਲ ਦੀਆਂ ਕੀਮਤਾਂ ‘ਚ 10 ਤੋਂ 15 ਫੀਸਦੀ ਦੀ ਕਟੌਤੀ ਕੀਤੀ ਗਈ ਹੈ। ਜਿਨ੍ਹਾਂ ਬ੍ਰਾਂਡਜ਼ ਨੇ ਕੀਮਤਾਂ ਘਟਾਈਆਂ ਹਨ ਉਨ੍ਹਾਂ ‘ਚ ਫਾਰਚੂਨ, ਮਹਾਕੋਸ਼, ਸਨਰਿਚ, ਰੁਚੀ ਗੋਲਡ ਤੇ ਹੋਰ ਹਨ। ਇਸ ਤੋਂ ਪਹਿਲਾਂ ਅਕਤੂਬਰ ‘ਚ ਵੀ 4 ਤੋਂ 5 ਫੀਸਦੀ ਕੀਮਤਾਂ ਘਟੀਆਂ ਸਨ।
ਦੇਸ਼ ਦੀਆਂ ਵੱਡੀਆਂ ਕੰਪਨੀਆਂ ਅਡਾਨੀ, ਵਿਲਮਰ, ਰੁਚੀ ਸੋਇਆ ਤੇ ਹੋਰਨਾਂ ਨੇ ਜ਼ਿਆਦਾਤਰ ਕੀਮਤਾਂ ‘ਚ ਕਟੌਤੀ ਕੀਤੀ ਹੈ। ਸਾਲਵੈਂਟ ਐਕਸਟ੍ਰੈਕਟਰਸ ਐਸੋਸੀਏਸ਼ਨ ਨੇ ਦੱਸਿਆ ਕਿ ਅਡਾਨੀ ਨੇ ਆਪਣੇ ਫਾਰਚੂਨ ਬ੍ਰਾਂਡ, ਰੁਚੀ ਸੋਇਆ ਨੇ ਮਹਾਕੇਸ਼, ਸਨਰਿਚ, ਰੁਚੀ ਗੋਲਡ ਤੇ ਨਿਊਟ੍ਰੇਲਾ ਬਰਾਂਡ ਦੀਆਂ ਕੀਮਤਾਂ ਨੂੰ ਘਟਾਇਆ ਹੈ। ਇਮਾਮੀ ਨੇ ਹੈਲਦੀ ਐਂਡ ਟੇਸਟੀ ਬ੍ਰਾਂਡਜ਼ ਤੇ ਜੇਮਿਨੀ ਨੇ ਫ੍ਰੀਡਮ ਤੇ ਸਨਫਲਾਵਰ ਦੀਆਂ ਕੀਮਤਾਂ ‘ਚ ਕਮੀ ਕੀਤੀ ਹੈ। ਇਸ ਤੋਂ ਇਲਾਵਾ ਛੋਟੇ-ਛੋਟੇ ਬ੍ਰਾਂਡਸ ਨੇ ਵੀ ਆਪਣੇ ਤੇਲ ਦੀਆਂ ਕੀਮਤਾਂ ‘ਚ ਕਟੌਤੀ ਕੀਤੀ ਹੈ। ਇਸ ਵਿਚ ਸਨੀ ਬ੍ਰਾਂਡ, ਗੋਕੁਲ ਐਗਰੋ ਤੇ ਹੋਰ ਹਨ। ਸਾਰੇ ਬ੍ਰਾਂਡਜ਼ ਵਿਚ 10 ਤੋਂ 15 ਫੀਸਦੀ ਦੀ ਕਟੌਤੀ ਕੀਤੀ ਹੈ। ਇਸ ਨਾਲ ਗਾਹਕਾਂ ਨੂੰ ਰਾਹਤ ਮਿਲੇਗੀ।
ਕੇਂਦਰੀ ਖਾਧ ਸਕੱਤਰ ਸੁਧਾਸ਼ੂ ਪਾਂਡੇ ਨੇ ਕੁਝ ਦਿਨ ਪਹਿਲਾਂ ਇਸ ਇੰਡਸਟਰੀ ਦੀਆਂ ਕੰਪਨੀਆਂ ਨਾਲ ਬੈਠਕ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਤੇਲ ਦੀਆਂ ਕੀਮਤਾਂ ਕਾਫੀ ਜ਼ਿਆਦਾ ਹਨ ਅਤੇ ਇਸ ‘ਚ ਕਮੀ ਹੋਣੀ ਚਾਹੀਦੀ ਹੈ ਕਿਉਂਕਿ ਦਰਾਮਦ ਡਿਊਟੀ ‘ਚ ਕਮੀ ਕੀਤੀ ਗਈ ਹੈ। ਇਸ ਤੋਂ ਬਾਅਦ ਇਨ੍ਹਾਂ ਕੰਪਨੀਆਂ ਨੇ ਇਹ ਫੈਸਲਾ ਲਿਆ।ਸਰਕਾਰ ਨੇ ਇਸ ਸਾਲ ਦਰਾਮਦ ਡਿਊਟੀ ਨੂੰ ਕਈ ਵਾਰ ਘਟਾਇਆ ਹੈ। ਪਿਛਲੀ ਵਾਰ 20 ਦਸੰਬਰ ਨੂੰ ਰਿਫਾਈਂਡ ਪਾਮ ਆਇਲ ‘ਤੇ ਕਸਟਮ ਡਿਊਟੀ ਨੂੰ 17.5 ਫੀਸਦੀ ਤੋਂ ਘਟਾ ਕੇ 12.5 ਫੀਸਦੀ ਕਰ ਦਿੱਤਾ ਗਿਆ ਸੀ। ਇਹ ਕਟੌਤੀ ਮਾਰਚ 2022 ਤੱਕ ਲਾਗੂ ਰਹੇਗੀ। ਸਪਲਾਈ ਨੂੰ ਬੜਾਵਾ ਦੇਣ ਲਈ ਸਰਕਾਰ ਟ੍ਰੇਡਰਸ ਨੂੰ ਰਿਫਾਈਂਡ ਆਇਲ ਦੇ ਇੰਪੋਰਟ ਦੀ ਬਿਨਾਂ ਲਾਇਸੈਂਸ ਇਜਾਜ਼ਤ ਦੇ ਰਹੀ ਹੈ। ਇਹ ਨਿਯਮ ਦਸੰਬਰ 2022 ਤੱਕ ਲਾਗੂ ਰਹੇਗਾ।