ਕੋਰੋਨਾ ਦੇ ਮਾਮਲੇ ਮੁੜ ਵਧਣ ਲੱਗ ਗਏ ਹਨ। ਕੋਰੋਨਾ ਦੇ ਨਵਾਂ ਰੂਪ ਓਮੀਕ੍ਰੋਨ ਦੇਸ਼ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ। ਚੰਡੀਗੜ੍ਹ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਅਜੇ ਕੋਵਿਡ ਟੀਕੇ ਦੀ ਦੂਜੀ ਖੁਰਾਕ ਨਹੀਂ ਲੱਗੀ ਹੈ। ਕੋਰੋਨਾ ਦੇ ਖਤਰੇ ਦੇ ਮੱਦੇਨਜ਼ਰ ਅਜਿਹੇ ਲੋਕਾਂ ‘ਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਘਰ ਵਿੱਚ ਹੀ ਰਹਿਣ ਦੀ ਹਿਦਾਇਤ ਦਿੱਤੀ ਗਈ ਹੈ ਤੇ ਭੀੜ-ਭੜੱਕੇ ਵਾਲੀਆਂ ਥਾਵਾਂ ‘ਤੇ ਪਾਬੰਦੀ ਲਾ ਦਿੱਤੀ ਗਈ ਹੈ। ਪ੍ਰਸ਼ਾਸਨ ਵੱਲੋਂ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜੋਕਿ 1 ਜਨਵਰੀ 2022 ਤੋਂ ਲਾਗੂ ਹੋਣਗੀਆਂ।
ਇਸ ਮੁਤਾਬਕ ਸਬਜ਼ੀ ਮੰਡੀ, ਦਾਣਾ ਮੰਡੀ, ਪਬਲਿਕ ਟਰਾਂਸਪੋਰਟ, ਪਾਰਕ, ਧਾਰਮਿਕ ਸਥਾਨਾਂ, ਮਾਲਜ਼, ਸ਼ਾਪਿੰਗ ਕੰਪਲੈਕਸ, ਹਾਟਸ, ਮਾਰਕੀਟ ਅਤੇ ਇਨ੍ਹਾਂ ਵਰਗੀਆਂ ਹੋਰ ਭੀੜ ਵਾਲੀਆਂ ਥਾਵਾਂ ‘ਤੇ ਸਿਰਫ ਉਨ੍ਹਾਂ ਲੋਕਾਂ ਨੂੰ ਹੀ ਜਾਣ ਦੀ ਇਜਾਜ਼ਤ ਹੋਵੇਗੀ ਜਿਨ੍ਹਾਂ ਨੂੰ ਕੋਰੋਨਾ ਟੀਕੇ ਦੀਆਂ ਦੋਵੇ ਖੁਰਾਕਾਂ ਲੱਗ ਚੁੱਕੀਆਂ ਹਨ। ਜੇ ਕੋਈ ਵੀ ਬਾਲਗ ਵਿਅਕਤੀ ਜਿਸ ਨੂੰ ਕੋਰੋਨਾ ਟੀਕੇ ਦੀਆਂ ਦੋਵੇਂ ਖੁਰਾਕਾਂ ਨਹੀਂ ਲੱਗੀਆਂ ਅਜਿਹੀਆਂ ਥਾਵਾਂ ‘ਤੇ ਪਾਇਆ ਗਿਆ ਤਾਂ ਉਸ ਨੂੰ 500 ਰੁਪਏ ਜੁਰਮਾਨਾ ਕੀਤਾ ਜਾਵੇਗਾ। ਜੇ ਉਲੰਘਣਾ ਕਰਨ ਵਾਲਾ ਵਿਅਕਤੀ ਜੁਰਮਾਨੇ ਦੀ ਭਰਪਾਈ ਨਹੀਂ ਕਰਦਾ ਤਾਂ ਉਸ ‘ਤੇ ਆਈ.ਪੀ.ਸੀ. ਦੀ ਧਾਰਾ 188 ਅਧੀਨ ਕਾਰਵਾਈ ਕੀਤੀ ਜਾਵੇਗੀ।
ਸਾਰੇ ਸਰਕਾਰੀ/ ਬੋਰਡ/ ਕਾਰਪੋਰੇਸ਼ਨ ਦਫਤਰਾਂ ਵਿੱਚ ਵੀ ਕੋਰੋਨਾ ਟੀਕੇ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਬਾਲਗ ਵਿਅਕਤੀਆਂ ਨੂੰ ਹੀ ਆਉਣ ਦੀ ਇਜਾਜ਼ਤ ਹੋਵੇਗੀ। ਇਹੀ ਨਿਯਮ ਹੋਟਲ, ਬਾਰ, ਰੈਸਟੋਰੈਂਟ, ਮਾਲ, ਸ਼ਾਪਿੰਗ ਕੰਪਲੈਕਸ, ਸਿਨੇਮਾ ਹਾਲ, ਜਿੰਮ ਤੇ ਫਿਟਨੈੱਸ ਸੈਂਟਰਾਂ ‘ਤੇ ਵੀ ਲਾਗੂ ਹੋਵੇਗਾ। ਪ੍ਰਸ਼ਾਸਨ ਵੱਲੋਂ ਜਾਰੀ ਇਹ ਹਿਦਾਇਤਾਂ ਪ੍ਰਾਈਵੇਟ ਤੇ ਸਰਕਾਰੀ ਬੈਂਕਾਂ ਵਿੱਚ ਵੀ ਲਾਗੂ ਹੋਣਗੀਆਂ।ਇਨ੍ਹਾਂ ਥਾਵਾਂ ‘ਤੇ ਜਾਣ ਵਾਲੇ ਲੋਕਾਂ ਕੋਲ ਕੋਰੋਨਾ ਟੀਕੇ ਦੀ ਦੂਜੀ ਖੁਰਾਕ ਦੇ ਸਰਟੀਫਿਕੇਟ ਦੀ ਹਾਰਡ ਜਾਂ ਸੌਫਟ ਕਾਪੀ ਹੋਣੀ ਲਾਜ਼ਮੀ ਹੋਵੇਗੀ, ਜਾਂ ਪਹਿਲੀ ਖੁਰਾਕ ਦਾ ਸਰਟੀਫਿਕੇਟ ਜਿਸ ਨਾਲ ਪਤਾ ਲੱਗ ਸਕੇ ਕਿ ਉਸ ਦੀ ਦੂਜੀ ਖੁਰਾਕ ਬਾਕੀ ਹੈ ਜਾਂ ਨਹੀਂ। COWIN ਪੋਰਟਲ ਤੋਂ ਭੇਜਿਆ ਗਿਆ ਟੈਕਸਟ ਮੈਸੇਜ ਵੀ ਸਰਟੀਫਿਕੇਟ ਦੀ ਜਗ੍ਹਾ ਮੰਨਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਆਰੋਗਿਆ ਸੇਤੂ ਐਪ ‘ਤੇ ਵੀ ਵੈਕਸੀਨੇਸ਼ਨ ਸਟੇਟਸ ਚੈੱਕ ਕੀਤਾ ਜਾ ਸਕਦਾ ਹੈ।