ਬਿਹਾਰ ‘ਚ ਇੱਕ ਤਾਂ ਬੇਰੋਜ਼ਗਾਰੀ ਹੱਦੋਂ ਵੱਧ ਹੈ ਤਾਂ ਦੂਜੇ ਪਾਸੇ ਕੱਢੀ ਗਈ ਭਰਤੀ ਪ੍ਰਕਿਰਿਆ ਸਮੇਂ ਸਿਰ ਪੂਰੀ ਨਹੀਂ ਹੋ ਰਹੀ ਹੈ। ਹਾਲ ਇਹ ਹੈ ਕਿ ਅਰਜ਼ੀ ਦੇਣ ਤੋਂ ਬਾਅਦ ਲਿਖਤੀ ਤੇ ਸਰੀਰਕ ਪ੍ਰੀਖਿਆ ਲਈ ਬਿਨੈਕਾਰਾਂ ਨੂੰ ਲੰਮੀ ਉਡੀਕ ਕਰਨੀ ਪਈ। ਅਰਜ਼ੀਆਂ ਦੇਣ ਤੋਂ ਲੈ ਕੇ ਦੌੜ ਸ਼ੁਰੂ ਕਰਨ ਦੀ 10 ਸਾਲਾਂ ਦੀ ਲੰਮੀ ਪ੍ਰਕਿਰਿਆ ਦੌਰਾਨ ਕਈ ਔਰਤਾਂ ਦੋ ਤੋਂ ਤਿੰਨ ਬੱਚਿਆਂ ਦੀਆਂ ਮਾਵਾਂ ਤੱਕ ਬਣ ਗਈਆਂ ਹਨ।
10 ਸਾਲਾਂ ਬਾਅਦ ਹੋਮ ਗਾਰਡ ਦੀ ਬਹਾਲੀ ਹੋਈ। ਆਖਰੀ ਦਿਨ ਬੁੱਧਵਾਰ ਨੂੰ ਔਰਤਾਂ ਦੀ ਦੌੜ ਸੀ। ਲਗਭਗ 300 ਬਿਨੈਕਾਰਾਂ ਵਿੱਚੋਂ, 162 ਔਰਤਾਂ ਨੇ ਆਰ.ਐੱਮ.ਕੇ. ਗਰਾਊਂਡ ਵਿੱਚ ਦੌੜ ‘ਚ ਹਿੱਸਾ ਲਿਆ।
ਜਦੋਂ ਅਸਾਮੀਆਂ ਲਈ ਅਰਜ਼ੀ ਦਿੱਤੀ ਗਈ ਸੀ ਤਾਂ ਮਹਿਲਾ ਬਿਨੈਕਾਰਾਂ ਦੀ ਉਮਰ 20 ਤੋਂ 21 ਸਾਲ ਦੇ ਵਿਚਕਾਰ ਸੀ। ਉਸ ਵੇਲੇ ਬਹੁਤੀਆਂ ਕੁੜੀਆਂ ਕੁਆਰੀਆਂ ਸਨ। ਹੁਣ ਜਦੋਂ ਬਹਾਲੀ ਸ਼ੁਰੂ ਹੋਈ ਤਾਂ ਕਈਆਂ ਦੀ ਫਿਟਨੈੱਸ ਪਹਿਲਾਂ ਵਰਗੀ ਨਹੀਂ ਰਹੀ। ਮੈਡੀਕਲ ਜਾਂਚ ‘ਚ ਕੁਝ ਔਰਤਾਂ ਗਰਭਵਤੀ ਹੋਣ ਕਰਕੇ ਦੌੜ ‘ਚ ਹਿੱਸਾ ਨਹੀਂ ਲੈ ਸਕੀਆਂ।
ਭਗਵਾਨਪੁਰ ਦੀ ਅੰਜੂ ਕੁਮਾਰੀ ਨੇ ਦੱਸਿਆ ਕਿ ਜਦੋਂ ਉਸ ਨੇ ਅਪਲਾਈ ਕੀਤਾ ਸੀ ਤਾਂ ਉਹ ਕੁਆਰੀ ਸੀ। ਹੁਣ ਉਸ ਦੇ ਦੋ ਬੱਚੇ ਹਨ। ਰੀਟਾ ਨੇ ਦੱਸਿਆ ਕਿ ਸਮੇਂ ਸਿਰ ਬਹਾਲੀ ਨਾ ਹੋਣ ਕਰਕੇ ਉਹ ਹੁਣ ਤੱਕ ਤਿੰਨ ਬੱਚਿਆਂ ਦੀ ਮਾਂ ਬਣ ਗਈ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਪਹਿਲਾਂ ਹੀ ਪ੍ਰਕਿਰਿਆ ਨੂੰ ਅੱਗੇ ਵਧਾਉਣਾ ਚਾਹੀਦਾ ਸੀ। ਅਜਿਹੀਆਂ ਦਰਜਨਾਂ ਉਮੀਦਵਾਰ ਨਾਖੁਸ਼ ਸਨ।
ਕਰੀਬ 250 ਅਸਾਮੀਆਂ ਲਈ 10 ਸਾਲ ਪਹਿਲਾਂ ਬਹਾਲੀ ਕੀਤੀ ਗਈ ਸੀ। ਇਸ ਦੇ ਲਈ 10 ਹਜ਼ਾਰ ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਤਤਕਾਲੀ ਡੀ.ਐੱਮ. ਡਾਕਟਰ ਨੀਲੇਸ਼ ਦਿਓਰ ਨੇ ਇਸ ਸਬੰਧੀ ਇੱਕ ਵਾਰ ਤਰੀਕ ਜਾਰੀ ਕੀਤੀ ਸੀ ਪਰ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਬਹਾਲੀ ਟਾਲ ਦਿੱਤੀ ਗਈ ਸੀ।
ਇਸ ਤੋਂ ਬਾਅਦ ਕਈ ਵਾਰ ਬਿਨੈਕਾਰਾਂ ਨੇ ਇਸ ਨੂੰ ਲੈ ਕੇ ਧਰਨਾ ਦਿੱਤਾ। ਮਾਮਲਾ ਡੀ.ਐੱਮ. ਸੁਹਰਸ਼ ਭਗਤ ਦੇ ਧਿਆਨ ਵਿੱਚ ਆਉਣ ਤੋਂ ਬਾਅਦ 17 ਦਸੰਬਰ ਤੋਂ ਦੌੜ ਕਰਾਈ ਗਈ। ਡੀ.ਐੱਮ. ਨੇ ਕਿਹਾ ਕਿ ਸਾਰੇ ਚੁਣੇ ਗਏ ਉਮੀਦਵਾਰਾਂ ਨੂੰ ਪਟਨਾ ਜ਼ਿਲ੍ਹੇ ਦੇ ਬਿਹਟਾ ਵਿਖੇ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਨਾਲ ਪ੍ਰਸ਼ਾਸਨ ਨੂੰ ਅਮਨ-ਕਾਨੂੰਨ ਨੂੰ ਸੁਧਾਰਨ ਵਿਚ ਮਦਦ ਮਿਲੇਗੀ।