ਸ੍ਰੀ ਦਰਬਾਰ ਸਾਹਿਬ ਵਿੱਚ ਸ਼ਨੀਵਾਰ ਸ਼ਾਮ ਨੂੰ ਵਾਪਰੀ ਮੰਦਭਾਗੀ ਘਟਨਾ ਦੇ ਮਾਮਲੇ ਵਿੱਚ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ। ਐੱਫ.ਆਈ.ਆਰ. ਵਿੱਚ ਘਟਨਾ ਵੇਲੇ ਉਥੇ ਮੌਜੂਦ ਸੇਵਾਦਾਰ ਸਾਧਾ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਅਕਾਲੀ ਕਾਲੋਨੀ, ਅੰਮ੍ਰਿਤਸਰ ਨੇ ਬਿਆਨ ਦਿੱਤਾ ਕਿ ਉਸ ਦੀ ਬੀਤੇ ਦਿਨ ਸ਼ਾਮ 4 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਡਿਊਟੀ ਲੱਗੀ ਹੋਈ ਸੀ।
ਸੇਵਾਦਾਰ ਨੇ ਆਪਣੇ ਦਰਜ ਬਿਆਨ ਵਿੱਚ ਕਿਹਾ ਕਿ ਸ਼ਾਮ ਕਰੀਬ 5.45 ਵਜੇ ਇੱਕ ਪੀਲੇ ਰੰਗ ਦਾ ਪਟਕਾ ਸਿਰ ‘ਤੇ ਬੰਨ੍ਹੀ ਮੋਨਾ ਨੌਜਵਾਨ ਉਥੇ ਆਇਆ। ਉਹ ਜੰਗਲਾ ਟੱਪ ਕੇ ਅੰਦਰ ਆ ਗਿਆ। ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਹਮਣੇ ਪਈ ਸ੍ਰੀ ਸਾਹਿਬ ਜੀ ਨੂੰ ਮਾਰ ਦੇਣ ਦੀ ਨੀਅਤ ਨਾਲ ਚੁੱਕ ਲਿਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਪਰ ਪਏ ਰੁਮਾਲਾ ਸਾਹਿਬ ਜੀ ਨੂੰ ਪੈਰ ਲਾਇਆ। ਉਸ ਨੂੰ ਉਸੇ ਵੇਲੇ ਸਾਥੀ ਸੇਵਾਦਾਰਾਂ ਦੀ ਮਦਦ ਨਾਲ ਕਾਬੂ ਕਰਕੇ ਜੰਗਲੇ ਤੋਂ ਬਾਹਰ ਕਰ ਦਿੱਤਾ ਗਿਆ, ਜਿਸ ਨੂੰ ਦਰਸ਼ਨ ਕਰ ਰਹੀਆਂ ਸੰਗਤਾਂ ਨੇ ਫੜ ਲਿਆ ਤੇ ਬਾਹਰ ਲੈ ਗਈਆਂ। ਪੁਲਿਸ ਨੇ ਸੇਵਾਦਾਰ ਦੇ ਬਿਆਨ ਦੇ ਆਧਾਰ ‘ਤੇ ਧਾਰਾ 295-ਏ, 307 ਆਈ.ਪੀ.ਸੀ. ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।ਦੱਸ ਦੇਈਏ ਕਿ ਇਸ ਘਟਨਾ ਨੂੰ ਲੈ ਕੇ ਸੰਗਤਾਂ ਵਿੱਚ ਇੰਨਾ ਕੁ ਗੁੱਸਾ ਸੀ ਕਿ ਉਨ੍ਹਾਂ ਨੇ ਦੋਸ਼ੀ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਇਸ ਘਟਨਾ ਨੂੰ ਲੈ ਕੇ ਸੀਸੀਟੀਵੀ ਫੁਟੇਜ ਖੰਗਾਲੀਆਂ ਜਾ ਰਹੀਆਂ ਹਨ ਤੇ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ। ਪਤਾ ਲੱਗਾ ਹੈ ਕਿ ਦੋਸ਼ੀ ਸਵੇਰੇ 11.40 ਵਜੇ ਹੀ ਸ੍ਰੀ ਦਰਬਾਰ ਸਾਹਿਬ ਪਹੁੰਚ ਗਿਆ ਸੀ ਤੇ ਉਹ 9 ਘੰਟੇ ਦੇ ਕਰੀਬ ਉਥੇ ਮੌਜੂਦ ਰਿਹਾ ਸੀ।