ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਦੁਪਹਿਰ 2 ਵਜੇ ਜਲੰਧਰ ਆਉਣਗੇ। ਉਹ ਬੂਟਾ ਮੰਡੀ ਵਿਚ ਬਾਬਾ ਸਾਹਿਬ ਡਾ. ਬੀ. ਆਰ. ਅੰਬੇਦਕਰ ਸਰਕਾਰੀ ਕੋ-ਐਜੂਕੇਸ਼ਨ ਕਾਲਜ ਦਾ ਉਦਘਾਟਨ ਕਰਨਗੇ। ਇਸ ਤੋਂ ਇਲਾਵਾ 120 ਫੁੱਟੀ ਰੋਡ ‘ਤੇ ਕਬੀਰ ਭਵਨ ਦਾ ਨੀਂਹ ਪੱਥਰ ਰੱਖਣਗੇ ਅਤੇ ਇਸ ਤੋਂ ਬਾਅਦ ਏਬੀਡੀ ਖੇਤਰ ‘ਚ ਸਟਰੋਮ ਡ੍ਰੇਨੇਜ ਵਿਵਸਥਾ ਦੀ ਸ਼ੁਰੂਆਤ ਕਰਨਗੇ। ਉਹ ਪ੍ਰਤਾਪਪੁਰਾ ਸਥਿਤ ਅਨਾਜ ਮੰਡੀ ਵਿਚ ਰੱਖੀ ਗਈ ਜਨਸਭਾ ਨੂੰ ਵੀ ਸੰਬੋਧਨ ਕਰਨਗੇ।
ਮੁੱਖ ਮੰਤਰੀ ਚੰਨੀ ਦੁਪਹਿਰ 2 ਵਜੇ ਹੈਲੀਕਾਪਟਰ ਤੋਂ ਜਲੰਧਰ ਪੁੱਜਣਗੇ ਅਤੇ ਉਨ੍ਹਾਂ ਦਾ ਹੈਲੀਕਾਪਟਰ ਏਕਲਵਯ ਸਕੂਲ ਪ੍ਰਤਾਪਪੁਰਾ ਵਿਚ ਉਤਰੇਗਾ, ਇਸ ਤੋਂ ਬਾਅਦ ਉਹ ਸਿੱਧੇ ਪ੍ਰਤਾਪਪੁਰਾ ਅਨਾਜ ਮੰਡੀ ਵਿਚ ਜਨਸਭਾ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਉਹ ਵਡਾਲਾ ਪਿੰਡ ਦੇ ਰੋਜਬੁਡ ਐਵੇਨਿਊ ਵਿਚ ਲੈਂਡ ਕਰਨਗੇ ਅਤੇ ਫਿਰ ਬੂਟਾ ਮੰਡੀ ਵਿਚ ਕਾਲਜ ਨੂੰ ਲੋਕ ਸਮਰਿਪਤ ਕਰਨ ਤੋਂ ਬਾਅਦ ਬਬਰੀਕ ਚੌਕ ‘ਤੇ ਸੰਤ ਕਬੀਰ ਕਮਿਊਨਿਟੀ ਸੈਂਟਰ ਅਤੇ ਸਟੋਰਮ ਸੀਵਰੇਜ ਸਿਮਟਮ ਦਾ ਨੀਂਹ ਪੱਥਰ ਰੱਖਣਗੇ। ਇਸ ਤੋਂ ਬਾਅਦ ਸ਼ਾਮ 4 ਵਜੇ ਚੰਡੀਗੜ੍ਹ ਲਈ ਰਵਾਨਾ ਹੋਣਗੇ ਤੇ ਕੈਬਨਿਟ ਮੀਟਿੰਗ ਵਿਚ ਹਿੱਸਾ ਲੈਣਗੇ।
ਅਨਾਜ ਮੰਡੀ ਵਿਚ ਰੱਖੀ ਗਈ ਜਨਸਭਾ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਤੇ ਕਾਂਗਰਸ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਵੀ ਪੁੱਜਣਗੇ। ਸਾਰੇ ਜਨਸਭਾ ਵਿਚ ਹਾਜ਼ਰੀਨ ਨੂੰ ਸੰਬੋਧਨ ਵੀ ਕਰਨਗੇ ਤੇ ਪ੍ਰੋਗਰਾਮ ਦੀ ਅਗਵਾਈ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਰਨਗੇ।
ਪਿਛਲੇ ਕਾਫੀ ਦਿਨਾਂ ਤੋਂ ਈ. ਟੀ. ਟੀ. ਪਾਸ ਅਧਿਆਪਕ ਤੇ ਕੱਚੇ ਠੇਕੇ ‘ਤੇ ਕੰਮ ਕਰਨ ਵਾਲੇ ਮੁਲਾਜ਼ਮ ਜੋ ਤਨਖਾਹਾਂ ਵਿਚ ਫਰਕ ਦਾ ਵਿਰੋਧ ਕਰ ਰਹੇ ਹਨ, ਉਹ ਜਨ ਸਭਾ ਵਾਲੀ ਥਾਂ ਪ੍ਰਤਾਪਪੁਰਾ ਅਨਾਜ ਮੰਡੀ ਪੁੱਜ ਕੇ ਨਾਅਰੇਬਾਜ਼ੀ ਕਰ ਸਕਦੇ ਹਨ। CM ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ ਦੋਵੇਂ ਹੀ ਕਾਂਗਰਸ ਦਾ ਪ੍ਰਚਾਰ ਕਰਨ ਵਿਚ ਲੱਗੇ ਹੋਏ ਹਨ। ਪਾਰਟੀ ਵੱਲੋਂ ਲਗਾਤਾਰ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਤੇ ਲੋਕਾਂ ਦੀ ਸਮੱਸਿਆਵਾਂ ਨੂੰ ਸੁਣਿਆ ਜਾ ਰਿਹਾ ਹੈ।