Site icon SMZ NEWS

ਜੰਮੂ ਤੋਂ ਚੰਡੀਗੜ੍ਹ ਜਾਂਦੇ ਹੈਲੀਕਾਪਟਰ ਦੀ ਭੋਗਪੁਰ ਨੇੜੇ ਸਕੂਲ ‘ਚ ਐਮਰਜੈਂਸੀ ਲੈਂਡਿੰਗ, ਪਾਇਲਟ ਨੇ ਕੀ ਕਿਹਾ?

ਵੀਰਵਾਰ ਨੂੰ ਜੰਮੂ ਤੋਂ ਚੰਡੀਗੜ੍ਹ ਜਾ ਰਹੇ ਹੈਲੀਕਾਪਟਰ ਦੀ ਭੋਗਪੁਰ ਨੇੜੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਪਵਨ ਹੰਸ ਕੰਪਨੀ ਦੇ ਪਾਇਲਟ ਨੇ ਆਪਣਾ ਹੈਲੀਕਾਪਟਰ ਭੋਗਪੁਰ ਨੇੜੇ ਸਦਾਚੱਕ ਦੇ ਸੇਂਟ ਮੈਰੀ ਸਕੂਲ ਦੇ ਮੈਦਾਨ ‘ਚ ਉਤਾਰਿਆ।

ਪਾਇਲਟ ਰਵਿੰਦਰ ਨੇ ਦੱਸਿਆ ਕਿ ਇਹ ਐਮਰਜੈਂਸੀ ਲੈਂਡਿੰਗ ਧੁੰਦ ਅਤੇ ਬੱਦਲਾਂ ਕਰਕੇ ਬਹੁਤ ਹੀ ਘੱਟ ਵਿਜ਼ੀਬਿਲਟੀ ਕਾਰਨ ਕਰਨੀ ਪਈ। ਉਡਾਣ ਭਰਦੇ ਸਮੇਂ 25 ਕਿਲੋਮੀਟਰ ਦੇ ਘੇਰੇ ਵਿੱਚ ਕੁਝ ਵੀ ਨਹੀਂ ਨਜ਼ਰ ਨਹੀਂ ਆ ਰਿਹਾ ਸੀ। ਜਦੋਂ ਉਨ੍ਹਾਂ ਨੇ ਏਅਰ ਟ੍ਰੈਫਿਕ ਕੰਟਰੋਲ (ਏ.ਟੀ.ਸੀ.) ਨੂੰ ਸੂਚਿਤ ਕੀਤਾ, ਤਾਂ ਏ.ਟੀ.ਸੀ. ਨੇ ਉਸਨੂੰ ਐਮਰਜੈਂਸੀ ਲੈਂਡਿੰਗ ਕਰਨ ਲਈ ਕਿਹਾ। ਏ.ਟੀ.ਸੀ ਦੀ ਇਜਾਜ਼ਤ ਮਿਲਣ ਤੋਂ ਬਾਅਦ ਉਸ ਨੇ ਹੈਲੀਕਾਪਟਰ ਨੂੰ ਸਦਾਚੱਕ ਸਥਿਤ ਸੇਂਟ ਮੈਰੀ ਸਕੂਲ ਦੀ ਗਰਾਊਂਡ ‘ਚ ਉਤਾਰਿਆ।

ਪਾਇਲਟ ਰਵਿੰਦਰ ਮੁਤਾਬਕ ਉਸ ਨੇ ਜੰਮੂ ਤੋਂ ਚੰਡੀਗੜ੍ਹ ਲਈ ਫਲਾਈਟ ਲਈ ਸੀ। ਜੰਮੂ ‘ਚ ਟੇਕ ਆਫ ਹੋਣ ਸਮੇਂ ਅਸਮਾਨ ਸਾਫ ਸੀ ਪਰ ਪੰਜਾਬ ਦੇ ਜਲੰਧਰ ਜ਼ਿਲ੍ਹੇ ‘ਚ ਆਸਮਾਨ ‘ਚ ਬੱਦਲ ਛਾਏ ਹੋਏ ਸਨ ਅਤੇ ਬੱਦਲ ਬਹੁਤ ਹੇਠਾਂ ਸਨ। ਇਨ੍ਹਾਂ ਦੋਵਾਂ ਕਾਰਨਾਂ ਕਰਕੇ ਅਸਮਾਨ ਵਿੱਚ ਵਿਜ਼ੀਬਿਲਟੀ ਬਿਲਕੁਲ ਵੀ ਨਹੀਂ ਸੀ।

ਹੈਲੀਕਾਪਟਰ ਵਿੱਚ ਸਵਾਰ ਪਵਨ ਹੰਸ ਕੰਪਨੀ ਦੇ ਇੰਜਨੀਅਰ ਸਤਨਾਮ ਸਿੰਘ ਨੇ ਦੱਸਿਆ ਕਿ ਪਾਇਲਟ ਨੇ ਹੈਲੀਕਾਪਟਰ ਨੂੰ ਹਵਾਈ ਰੂਟ ’ਤੇ ਚੰਡੀਗੜ੍ਹ ਲਿਜਾਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਅਖੀਰ ਵਿੱਚ ਬਿਨਾਂ ਕੋਈ ਰਿਸਕ ਲਏ ਏ.ਟੀ.ਸੀ ਨੂੰ ਸਥਿਤੀ ਬਾਰੇ ਸੂਚਿਤ ਕੀਤਾ ਗਿਆ। ਇਸ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਏ.ਟੀ.ਸੀ. ਤੋਂ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਦੀ ਸੂਚਨਾ ਮਿਲਦਿਆਂ ਹੀ ਥਾਣਾ ਭੋਗਪੁਰ ਦੀ ਪੁਲਿਸ ਵੀ ਪਹੁੰਚ ਗਈ।

Exit mobile version