ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿੱਚ ਗੁਲਾਬੀ ਸੁੰਢੀ ਕਰਕੇ ਤਬਾਹ ਹੋਈ ਨਰਮੇ ਦੀ ਫਸਲ ਕਰਕੇ ਕਈ ਕਿਸਾਨ ਕਰਜ਼ੇ ਹੇਠ ਆ ਗਏ। ਇਨ੍ਹਾਂ ਵਿੱਚੋਂ ਇੱਕ 26 ਸਾਲਾ ਕਿਸਾਨ ਨੇ ਕਰਜ਼ਾ ਲਾਹੁਣ ਦਾ ਕੋਈ ਵਸੀਲਾ ਨਾ ਹੋਣ ਦੇ ਚੱਲਦਿਆਂ ਭਰੀ ਜਵਾਨੀ ਵਿੱਚ ਖੌਫ਼ਨਾਕ ਕਦਮ ਚੁੱਕ ਲਿਆ।

ਇਹ ਮੰਦਭਾਗਾ ਮਾਮਲਾ ਬੋਹਾ ਪਿੰਡ ਤੋਂ ਸਾਹਮਣੇ ਆਇਆ ਜਿਥੇ ਪਿੰਡ ਅਚਾਣਕ ਖੁਰਦ ਦੇ ਕਿਸਾਨ ਅਮਰਜੀਤ ਸਿੰਘ ਪੁੱਤਰ ਮਹਿਲ ਸਿੰਘ ਨੇ ਕਰਜ਼ੇ ਤੋਂ ਪ੍ਰੇਸ਼ਾਨ ਸੀ, ਜਿਸ ਦੇ ਚੱਲਦਿਆਂ ਉਸ ਨੇ ਆਪਣੇ ਘਰ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਅਮਰਜੀਤ ਦੇ ਸਿਰ ‘ਤੇ ਕੁਲ 27 ਲੱਖ ਦਾ ਕਰਜ਼ਾ ਸੀ। ਉਸ ਕੋਲ ਆਪਣੀ ਪੰਜ ਏਕੜ ਜ਼ਮੀਨ ਸੀ।
ਇਸ ਸਾਲ ਉਸ ਨੇ ਦਸ ਏਕੜ ਜ਼ਮੀਨ ਠੇਕੇ ’ਤੇ ਲੈ ਕੇ ਨਰਮੇ ਦੀ ਖੇਤੀ ਕੀਤੀ ਸੀ ਪਰ ਗੁਲਾਬੀ ਸੁੰਢੀ ਨੇ ਸਾਰੀ ਫ਼ਸਲ ਤਬਾਹ ਕਰ ਦਿੱਤੀ। ਇਸ ਤੋਂ ਬਾਅਦ ਉਸ ਕੋਲ ਕੋਈ ਹੀਲਾ-ਵਸੀਲਾ ਨਹੀਂ ਬੱਚਿਆ, ਜਿਸ ਕਰਕੇ ਉਸ ਨੇ ਆਪਣੀ ਜ਼ਿੰਦਗੀ ਖਤਮ ਕਰ ਲਈ।
ਬੋਹਾ ਪੁਲਿਸ ਵੱਲੋਂ ਆਈਪੀਸੀ ਦੀ ਧਾਰਾ 174 ਤਹਿਤ ਕਾਰਵਾਈ ਕਰਦਿਆਂ ਕੇਸ ਦਰਜ ਕਰ ਲਿਆ ਹੈ। ਪਿੰਡ ਦੇ ਸਰਪੰਚ ਲਖਵਿੰਦਰ ਸਿੰਘ ਵੱਲੋਂ ਸਰਕਾਰ ਤੋਂ ਪੀੜਤ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ, ਜਿਨ੍ਹਾਂ ਨੇ ਆਪਣਾ ਨੌਜਵਾਨ ਪੁੱਤ ਗੁਆ ਲਿਆ।
Comment here