ਜੰਮੂ-ਕਸ਼ਮੀਰ ਵਿਚ ਸੋਮਵਾਰ ਨੂੰ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਏ. ਐੱਸ. ਆਈ. ਗੁਲਾਮ ਹਸਨ ਦੀਆਂ ਅੰਤਿਮ ਰਸਮਾਂ ਵਿਚ ਸ਼ਾਮਲ ਹੋ ਕੇ ਘਰ ਪਰਤ ਰਹੇ 5 ਜਣੇ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ।
ਰਾਮਬਨ ਜ਼ਿਲ੍ਹੇ ਵਿਚ ਉਨ੍ਹਾਂ ਦੀ ਗੱਡੀ ਬੇਕਾਬੂ ਹੋ ਗਈ ਅਤੇ ਖੱਡ ਵਿਚ ਡਿੱਗ ਗਈ ਜਿਸ ਕਾਰਨ 5 ਜਣਿਆਂ ਦੀ ਮੌਤ ਹੋ ਗਈ ਤੇ 3 ਗੰਭੀਰ ਜ਼ਖਮੀ ਹੋ ਗਏ। ਇਹ ਹਾਦਸਾ ਰਾਜਗੜ੍ਹ ਨੇੜੇ ਚੂਛੇਤਰ ਪਿੰਡ ਨੇੜੇ ਵਾਪਰਿਆ।
ਡਰਾਈਵਰ ਵਾਹਨ ਤੋਂ ਕੰਟਰੋਲ ਗੁਆ ਬੈਠਾ ਤੇ ਵਾਹਨ 500 ਫੁੱਟ ਡੂੰਘੇ ਛਿਮੋਤਰੀ ਨਾਲੇ ਵਿੱਚ ਜਾ ਡਿੱਗੀ, ਜਿਸ ਕਾਰਨ ਵਾਹਨ ਵਿੱਚ ਸਵਾਰ ਪੰਜ ਜਣਿਆਂ ਦੀ ਮੌਤ ਹੋ ਗਈ ਤੇ ਤਿੰਨ ਹੋਰ ਜ਼ਖਮੀ ਹੋ ਗਏ। ਇਕ ਜ਼ਖ਼ਮੀ ਨੂੰ ਰਾਮਬਨ ਦੇ ਜ਼ਿਲ੍ਹਾ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ, ਜਦੋਂ ਕਿ ਦੋ ਹੋਰਨਾਂ ਦਾ ਸਥਾਨਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਲੈਫਟੀਨੈਂਟ ਗਵਰਨਰ ਮਨੋਜ ਸਿਨ੍ਹਾ ਨੇ ਹਾਦਸੇ ‘ਤੇ ਸੋਗ ਪ੍ਰਗਟਾਇਆ ਹੈ।
ਗੌਰਤਲਬ ਹੈ ਕਿ ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਵਿਚ ਅੱਤਵਾਦੀਆਂ ਨੇ ਪੁਲਿਸ ਫੋਰਸ ‘ਤੇ ਸੋਮਵਾਰ ਸ਼ਾਮ ਨੂੰ ਹਮਲਾ ਕਰ ਦਿੱਤਾ ਸੀ। ਸ਼੍ਰੀਨਗਰ ਦੇ ਜੇਵਨ ਇਲਾਕੇ ਵਿਚ ਫਾਇਰਿੰਗ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਸੀ। ਅੱਤਵਾਦੀਆਂ ਨੇ ਪੁਲਿਸ ਬੱਸ ‘ਤੇ ਗੋਲੀਆਂ ਚਲਾਈਆਂ। ਹਮਲੇ ‘ਚ 3 ਪੁਲਿਸ ਮੁਲਾਜ਼ਮ ਸ਼ਹੀਦ ਹੋ ਗਏ ਹਨ ਤੇ 14 ਜ਼ਖਮੀ ਹਨ।