ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿਛਲੇ ਦਿਨੀਂ ਕਾਂਗਰਸ ਵਿੱਚ ਸ਼ਾਮਲ ਹੋਏ ਗਾਇਕ ਸਿੱਧੂ ਮੂਸੇਵਾਲਾ ਨੂੰ ਗੈਂਗਸਟਰ ਕਹਿਣ ਦਾ ਕਾਂਗਰਸੀ ਆਗੂ ਨੇ ਠੋਕਵਾਂ ਜਵਾਬ ਦਿੰਦਿਆਂ ਕਿਹਾ ਕਿ ਜੇ ਮੈਂ ਗੈਂਗਸਟਰ ਸੀ ਤਾਂ ਆਪਣੀ ਸਰਕਾਰ ਵੇਲੇ ਮੈਨੂੰ ਕਿਉਂ ਨਹੀਂ ਫੜਿਆ। ਮੈਂ ਉਨ੍ਹਾਂ ਦੀ ਪਾਰਟੀ ਵਿੱਚ ਸ਼ਾਮਲ ਨਹੀਂ ਹੋਇਆ ਤਾਂ ਮੈਨੂੰ ਗੈਂਗਸਟਰ ਕਹਿ ਰਹੇ ਨੇ।

ਦਰਅਸਲ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਮੂਸੇਵਾਲਾ ਦੇ ਕਾਂਗਰਸ ਵਿੱਚ ਸ਼ਾਮਲ ਹੋਣ ‘ਤੇ ਬਿਆਨ ਦਿੱਤਾ ਸੀ ਕਿ ‘ਕਾਂਗਰਸ ਹੁਣ ਗੈਂਗਸਟਰਾਂ ਨੂੰ ਪਾਰਟੀ ਵਿੱਚ ਸ਼ਾਮਲ ਕਰ ਰਹੀ ਹੈ’। ਸਿੱਧੂ ਮੂਸੇਵਾਲਾ ਨੇ ਕੈਪਟਨ ਨੂੰ ਇਸ ਦਾ ਜਵਾਬ ਦਿੰਦਿਆਂ ਕਿਹਾ ਕਿ, “ਸ਼ਾਇਦ ਥੋਨੂੰ ਮੈਂ ਗੈਂਗਸਟਰ ਲਗਦਾ ਹੋਊਂਗਾ, ਜੇ ਮੈਂ ਗੈਂਗਸਟਰ ਸੀ, ਸਾਢੇ ਚਾਰ ਸਾਲ ਥੋਡੀ ਸਰਕਾਰ ਸੀ, ਕਿਓਂ ਨੀ ਫੜ੍ਹਿਆ ਮੈਂਨੂੰ!”।
ਸਿੱਧੂ ਨੇ ਖੁਲਾਸਾ ਕੀਤਾ ਕਿ ਕੈਪਟਨ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਉਸ ਨੂੰ ਬੁਲਾਇਆ ਸੀ ਅਤੇ ਆਪਣੀ ਪਾਰਟੀ ਨਾਲ ਹੱਥ ਮਿਲਾਉਣ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਮੇਰੇ ਸਿਆਸਤ ਵਿੱਚ ਸ਼ਾਮਲ ਹੋਣ ਤੋਂ ਠੀਕ ਪਹਿਲਾਂ ਉਨ੍ਹਾਂ ਮੈਨੂੰ ਫ਼ੋਨ ਕੀਤਾ ਅਤੇ ਮੈਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਸਿਸਵਾਂ ਫਾਰਮਜ਼ (ਕੈਪਟਨ ਦੇ ਫਾਰਮ ਹਾਊਸ) ਵਿਖੇ ਆ ਕੇ ਮਿਲਣ ਲਈ ਕਿਹਾ।
ਜਦੋਂ ਮੈਂ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਅਤੇ ਕਾਂਗਰਸ ਵਿੱਚ ਸ਼ਾਮਲ ਹੋ ਗਿਆ ਤਾਂ ਉਹ ਹੁਣ ਮੈਨੂੰ ਗੈਂਗਸਟਰ ਕਹਿਣ ਲੱਗ ਪਏ। ਜੇ ਉਨ੍ਹਾਂ ਆਪਣੇ ਵੇਲੇ ਸੂਬੇ ਵਿੱਚ ਕੁਝ ਤਬਦੀਲੀਆਂ ਕੀਤੀਆਂ ਹੁੰਦੀਆਂ ਤਾਂ ਹੁਣ ਤੇ ਉਦੋਂ ਦੇ ਬਿਆਨਾਂ ਵਿੱਚ ਬਹੁਤ ਫਰਕ ਹੁੰਦਾ।
Comment here