Site icon SMZ NEWS

ਅਮਰੀਕਾ ‘ਚ ਤੂਫਾਨ ਕਾਰਨ ਹੋਈ ਭਾਰੀ ਤਬਾਹੀ, 50 ਮੌਤਾਂ ਤੋਂ ਬਾਅਦ ਐਮਰਜੈਂਸੀ ਦਾ ਐਲਾਨ, ਐਮਾਜ਼ਾਨ ਦੇ ਗੋਦਾਮ ‘ਚ ਫਸੇ 100 ਲੋਕ

ਅਮਰੀਕਾ ਦੇ ਕੈਂਟਕੀ ਸੂਬੇ ਵਿੱਚ ਤੂਫ਼ਾਨ ਨੇ ਬਹੁਤ ਤਬਾਹੀ ਮਚਾਈ ਹੈ। ਇਸ ਤੂਫ਼ਾਨ ਕਾਰਨ ਘੱਟੋ-ਘੱਟ 50 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੈਂਟਕੀ ਦੇ ਗਵਰਨਰ ਐਂਡੀ ਬੇਸ਼ੀਅਰ ਨੇ ਇਹ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ ਇਸ ਤੂਫਾਨ ਨੇ ਦੇਸ਼ ਦਾ ਵੱਡਾ ਹਿੱਸਾ ਤਬਾਹ ਕਰ ਦਿੱਤਾ ਹੈ। ਗਵਰਨਰ ਨੇ ਕਿਹਾ ਕਿ ਕੈਂਟਕੀ ਦੀਆਂ ਕਈ ਕਾਉਂਟੀਆਂ ਤਬਾਹ ਹੋ ਗਈਆਂ ਹਨ। ਰਾਜਪਾਲ ਨੇ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰ ਦਿੱਤਾ ਹੈ। ਦੱਸ ਦਈਏ ਕਿ ਸ਼ੁੱਕਰਵਾਰ ਰਾਤ ਨੂੰ ਅਮਰੀਕਾ ਦੇ ਕੇਂਦਰੀ ਖੇਤਰ ‘ਚ ਤੂਫਾਨ ਆਇਆ ਸੀ। ਗਵਰਨਰ ਐਂਡੀ ਬੇਸ਼ੀਅਰ ਨੇ ਕਿਹਾ, “ਮੈਨੂੰ ਡਰ ਹੈ ਕਿ ਇਸ ਤੂਫ਼ਾਨ ਵਿੱਚ 50 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਇਹ ਅੰਕੜਾ 70 ਤੋਂ 100 ਦੇ ਵਿਚਕਾਰ ਹੋ ਸਕਦਾ ਹੈ, ਜੋ ਵਿਨਾਸ਼ਕਾਰੀ ਹੈ।” ਉਨ੍ਹਾਂ ਨੇ ਕਿਹਾ ਕਿ ਕੈਂਟਕੀ ਦੇ ਇਤਿਹਾਸ ਵਿੱਚ ਇਹ ਸਭ ਤੋਂ ਗੰਭੀਰ ਤਬਾਹੀ ਹੈ। ਇਸ ਦੇ ਨਾਲ ਹੀ ਗਵਰਨਰ ਨੇ ਕਿਹਾ ਕਿ ਮੇਫੀਲਡ ਸ਼ਹਿਰ ਵਿੱਚ ਇੱਕ ਮੋਮਬੱਤੀ ਫੈਕਟਰੀ ਵਿੱਚ ਛੱਤ ਡਿੱਗਣ ਕਾਰਨ ਭਾਰੀ ਨੁਕਸਾਨ ਹੋਇਆ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਜਦੋਂ ਤੂਫਾਨ ਅਮਰੀਕਾ ਦੇ ਇਲੀਨੋਇਸ ਸੂਬੇ ਦੇ ਇੱਕ ਵੱਡੇ ਐਮਾਜ਼ਾਨ ਵੇਅਰਹਾਊਸ ਨਾਲ ਟਕਰਾ ਗਿਆ ਤਾਂ ਉਸ ਵਿੱਚ 100 ਤੋਂ ਵੱਧ ਲੋਕ ਕੰਮ ਕਰ ਰਹੇ ਸਨ। ਇੱਥੇ ਬਚਾਅ ਕਾਰਜ ਜਾਰੀ ਹੈ। ਮਲਬੇ ਵਿੱਚ ਫਸੇ ਮਜ਼ਦੂਰਾਂ ਨੂੰ ਬਚਾਇਆ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਕਰਮਚਾਰੀ ਕ੍ਰਿਸਮਸ ਦੀਆਂ ਛੁੱਟੀਆਂ ‘ਤੇ ਜਾਣ ਤੋਂ ਪਹਿਲਾਂ ਰਾਤ ਦੀ ਸ਼ਿਫਟ ਲਗਾ ਰਹੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੇ ਸਮੇਂ ਇਲਾਕੇ ‘ਚ ਤੂਫਾਨ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ। ਯੂਐਸ ਨਿਊਜ਼ ਚੈਨਲਾਂ ਦੁਆਰਾ ਅਤੇ ਐਡਵਰਡਸਵਿਲੇ ਐਮਾਜ਼ਾਨ ਦੁਆਰਾ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਫੁਟੇਜ ਵਿੱਚ ਐਮਾਜ਼ਾਨ ਦੇ ਗੋਦਾਮ ਦੀ ਛੱਤ ਦਾ ਵੱਡਾ ਹਿੱਸਾ ਡਿੱਗਿਆ ਅਤੇ ਇਮਾਰਤ ਦੀ ਇੱਕ ਕੰਧ ਦਿਖਾਈ ਦੇ ਰਹੀ ਹੈ, ਜਿਸ ਦਾ ਮਲਬਾ ਖਿੱਲਰਿਆ ਹੋਇਆ ਸੀ। ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੈ ਕਿ ਕਿੰਨੇ ਜ਼ਖਮੀ ਹੋਏ ਹਨ ਜਾਂ ਆਪਣੀ ਜਾਨ ਵੀ ਗੁਆ ਚੁੱਕੇ ਹਨ।

Exit mobile version