ਲੰਮੇ ਸੰਘਰਸ਼ ਪਿੱਛੋਂ ਅੰਦੋਲਨ ਵਿੱਚ ਜਿੱਤ ਹਾਸਲਕ ਕਰਕੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਇੱਕ ਸਾਲ ਤੋਂ ਵੱਧ ਸਮੇਂ ਬਾਅਦ ਆਪਣੇ ਘਰਾਂ ਨੂੰ ਪਰਤਨਗੀਆਂ। ਸੂਬੇ ਵਿੱਚ ਵਾਪਿਸ ਪਰਤਣ ਪੱਛੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਨਾਲ ਮੁਲਾਕਾਤ ਕਰਨਗੇ। ਇਸ ਦੇ ਲਈ 17 ਦਸੰਬਰ ਸਵੇਰੇ 11 ਵਜੇ ਪੰਜਾਬ ਭਵਨ ਵਿਖੇ ਮੁਲਾਕਾਤ ਦਾ ਸਮਾਂ ਤੈਅ ਕੀਤਾ ਗਿਆ ਹੈ, ਜਿਸ ਵਿੱਚ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਪ੍ਰਧਾਨ ਸ਼ਾਮਲ ਹੋਣਗੇ।
ਇਸ ਸੰਬੰਧੀ ਪੰਜਾਬ ਸਰਕਾਰ ਵੱਲੋਂ ਇੱਕ ਪੱਤਰ ਜਾਰੀ ਕਰਕੇ ਸਾਰੀਆਂ ਜਥੇਬੰਦੀਆਂ ਦੇ ਲੀਡਰਾਂ ਨੂੰ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ। ਇਨ੍ਹਾਂ ਵਿੱਚ ਬਲਬੀਰ ਸਿੰਘ ਰਾਜੇਵਾਲ ਸਣੇ ਸੂਬੇ ਦੀਆਂ 29 ਜਥੇਬੰਦੀਆਂ ਦੇ ਪ੍ਰਧਾਨਾਂ ਨੂੰ ਪਹੁੰਚਣ ਦੀ ਬੇਨਤੀ ਕੀਤੀ ਗਈ ਹੈ।ਇਸ ਤੋਂ ਪਹਿਲਾਂ ਸੀ.ਐੱਮ. ਚੰਨੀ ਨੇ ਕਿਹਾ ਸੀ ਕਿ ਦਿੱਲੀ ਸਰਹੱਦ ਤੋਂ ਪਰਤਨ ਵਾਲੇ ਕਿਸਾਨਾਂ ਦਾ ਸੂਬਾ ਸਰਕਾਰ ਵੱਲੋਂ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਕਿਸਾਨਾਂ, ਖੇਤ ਮਜ਼ਦੂਰਾਂ ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਲੋਕਾਂ ਦੀ ਜਿੱਤ ਹੈ ਤੇ ਸਮਾਜ ਦੇ ਵੱਖ-ਵੱਖ ਵਰਗਾਂ ਦੀ ਬੇਮਿਸਾਲ ਏਕਤਾ ਨੇ ਮੋਦੀ ਸਰਕਾਰ ਨੂੰ ਕਾਲਾ ਬਿੱਲ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ।