Site icon SMZ NEWS

ਓਮੀਕ੍ਰੋਨ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੂੰ CM ਚੰਨੀ ਨੇ ਕੀਤਾ ਚੌਕਸ, ਖੁਦ ਵੀ ਲੁਆਈ ਦੂਜੀ ਡੋਜ਼

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੰਗਲਵਾਰ ਨੂੰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਓਮੀਕਰੋਨ ਦੇ ਨਵੇਂ ਵੈਰੀਐਂਟ ਦੇ ਸੰਕਰਮਣ ਤੋਂ ਆਪਣੇ ਆਪ ਨੂੰ ਬਚਾਉਣ ਲਈ ਕਿਸੇ ਵੀ ਕਿਸਮ ਦੀ ਢਿੱਲ-ਮੱਠ ਦਿਖਾਏ ਬਿਨਾਂ ਆਪਣਾ ਟੀਕਾਕਰਨ ਜਲਦੀ ਤੋਂ ਜਲਦੀ ਕਰਵਾਉਣ। ਉਨ੍ਹਾਂ ਨੇ ਖੁਦ ਵੀ ਕੋਰੋਨਾ ਦੀ ਦੂਜੀ ਡੋਜ਼ ਲਗਵਾਈ। ਪੰਜਾਬ ਭਵਨ ਵਿਖੇ ਓਮੀਕ੍ਰੋਨ ਦੇ ਮੱਦੇਨਜ਼ਰ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਸਿਹਤ ਅਤੇ ਮੈਡੀਕਲ ਸਿੱਖਿਆ ਖੋਜ ਵਿਭਾਗਾਂ ਨੂੰ ਰਾਜ ਭਰ ਵਿੱਚ ਟੀਕਾਕਰਨ ਮੁਹਿੰਮ ਦੀ ਰਫਤਾਰ ਨੂੰ ਹੋਰ ਤੇਜ਼ ਕਰਨ ਲਈ ਮਿਲ ਕੇ ਕੰਮ ਕਰਨ ਦੇ ਨਿਰਦੇਸ਼ ਦਿੱਤੇ।

ਮੁੱਖ ਮੰਤਰੀ ਨੂੰ ਸੂਬੇ ‘ਚ ਕੋਵਿਡ ਟੀਕਾਕਰਨ ਦੀ ਹੁਣ ਤੱਕ ਦੀ ਸਥਿਤੀ ਬਾਰੇ ਜਾਣੂ ਕਰਵਾਉਂਦੇ ਹੋਏ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਨੇ ਦੱਸਿਆ ਕਿ 2.46 ਕਰੋੜ ਯੋਗ ਆਬਾਦੀ ਵਿੱਚੋਂ 1.66 ਕਰੋੜ (80 ਪ੍ਰਤੀਸ਼ਤ) ਨੂੰ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ ਅਤੇ ਲਗਭਗ 38 ਪ੍ਰਤੀਸ਼ਤ ਭਾਵ 79.87 ਲੱਖ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਕੋਲ ਅੱਜ ਤੱਕ 46 ਲੱਖ ਖੁਰਾਕਾਂ ਦਾ ਸਟਾਕ ਉਪਲਬਧ ਹੈ ਅਤੇ ਮੈਡੀਕਲ/ਪੈਰਾ ਮੈਡੀਕਲ ਟੀਮਾਂ ਬਾਕੀ ਰਹਿੰਦੀ ਆਬਾਦੀ ਨੂੰ ਕਵਰ ਕਰਨ ਲਈ ਟੀਕਾਕਰਨ ਦੀ ਮੁਹਿੰਮ ਵਿੱਚ ਸਰਗਰਮੀ ਨਾਲ ਰੁੱਝੀਆਂ ਹੋਈਆਂ ਹਨ। ਇਸ ਤੋਂ ਇਲਾਵਾ ਕੋਰੋਨਾ ਕੇਸਾਂ ਦਾ ਪਤਾ ਲਗਾਉਣ ਲਈ ਰੋਜ਼ਾਨਾ 30,000 ਦੇ ਕਰੀਬ ਟੈਸਟ ਕੀਤੇ ਜਾ ਰਹੇ ਹਨ।

Exit mobile version