ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਰਾਜਸਥਾਨ ਵਿੱਚ ਧੂਮ-ਧਾਮ ਨਾਲ ਵਿਆਹ ਕਰਨ ਜਾ ਰਹੇ ਹਨ। ਅਜਿਹੇ ‘ਚ ਇਸ ਵਿਆਹ ‘ਚ ਸ਼ਾਮਲ ਹੋਣ ਵਾਲੇ ਸਿਤਾਰੇ ਜੈਪੁਰ ਪਹੁੰਚਣੇ ਸ਼ੁਰੂ ਹੋ ਗਏ ਹਨ। ਉੱਥੇ ਹੀ, ਪੰਜਾਬੀ ਗਾਈਕ ਗੁਰਦਾਸ ਮਾਨ ਵੀ ਇਸ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਹੋਏ ਹਨ। ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ 9 ਦਸੰਬਰ ਨੂੰ ਵਿਆਹ ਦੇ ਬੰਧਨ ਵਿੱਚ ਬਝਣਗੇ, ਜਦੋਂ ਕਿ ਅੱਜ ਸੰਗੀਤ ਪ੍ਰੋਗਰਾਮ ਹੋਵੇਗਾ। ਬੁੱਧਵਾਰ ਨੂੰ ਮਹਿੰਦੀ ਸੈਰੇਮਨੀ ਰੱਖੀ ਗਈ ਹੈ। ਗੁਰਦਾਸ ਮਾਨ ਤੋਂ ਇਲਾਵਾ ਗਾਇਕ ਸ਼ੰਕਰ ਮਹਾਦੇਵਨ ਅਤੇ ਸੰਗੀਤਕਾਰ ਅਹਿਸਾਨ ਨੂਰਾਨੀ ਵੀ ਪਹੁੰਚੇ ਹਨ। ਗੁਰਦਾਸ ਮਾਨ ਨੇ ਕਈ ਮਸ਼ਹੂਰ ਵਿਆਹਾਂ ਵਿੱਚ ਸ਼ਿਰਕਤ ਕੀਤੀ ਹੈ। 2017 ਵਿੱਚ ਉਨ੍ਹਾਂ ਨੇ ਦਿੱਲੀ ਵਿੱਚ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੇ ਵਿਆਹ ਸਮਾਰੋਹ ਦੀ ਰਿਸੈਪਸ਼ਨ ਵਿੱਚ ਸ਼ਾਮਲ ਹੋਏ ਸਨ।
ਸੋਮਵਾਰ ਨੂੰ ਜਿੱਥੇ ਕੈਟਰੀਨਾ ਦੇ ਭੈਣ-ਭਰਾ ਨੂੰ ਏਅਰਪੋਰਟ ਤੋਂ ਜੈਪੁਰ ਪਹੁੰਚਦੇ ਦੇਖਿਆ ਗਿਆ, ਦੇਰ ਸ਼ਾਮ ਕੈਟਰੀਨਾ ਅਤੇ ਵਿੱਕੀ ਕੌਸ਼ਲ ਖੁਦ ਮੁੰਬਈ ਦੇ ਪ੍ਰਾਈਵੇਟ ਏਅਰਪੋਰਟ ਤੋਂ ਵਿਆਹ ਲਈ ਰਵਾਨਾ ਹੋਏ। ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਵਿਆਹ ‘ਚ ਸ਼ਾਮਲ ਹੋਣ ਲਈ ਮਹਿਮਾਨਾਂ ਦਾ ਦੌਰ ਜਾਰੀ ਹੈ। ਫਿਲਮ ਨਿਰਦੇਸ਼ਕ ਕਬੀਰ ਖਾਨ ਅਤੇ ਅਦਾਕਾਰਾ ਨੇਹਾ ਧੂਪੀਆ ਸਮੇਤ ਕਈ ਹੋਰ ਮਸ਼ਹੂਰ ਹਸਤੀਆਂ ਜੈਪੁਰ ਏਅਰਪੋਰਟ ‘ਤੇ ਪਹੁੰਚੀਆਂ ਹਨ। ਜੈਪੁਰ ਹਵਾਈ ਅੱਡੇ ‘ਤੇ ਪਹੁੰਚਣ ਤੋਂ ਬਾਅਦ ਸਾਰੇ ਸੜਕ ਰਾਹੀਂ ਸਵਾਈ ਮਾਧੋਪੁਰ ਚੌਥ ਕਾ ਬਰਵਾੜਾ ਲਈ ਰਵਾਨਾ ਹੋਏ।
ਸਵਾਈ ਮਾਧੋਪੁਰ ਦੇ ਚੌਥ ਦੇ ਬਰਵਾੜਾ ‘ਚ ਹੋਣ ਵਾਲੇ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਵਿਆਹ ‘ਚ ਮੰਗਲਵਾਰ ਸਵੇਰ ਤੋਂ ਹੀ ਬਾਲੀਵੁੱਡ ਅਦਾਕਾਰਾਂ ਦੇ ਆਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਮੰਗਲਵਾਰ ਨੂੰ ਜੈਪੁਰ ਏਅਰਪੋਰਟ ‘ਤੇ ਨਿਰਦੇਸ਼ਕ ਕਬੀਰ ਖਾਨ ਅਤੇ ਵਿਜੇ ਕ੍ਰਿਸ਼ਨ ਆਚਾਰਿਆ, ਅਦਾਕਾਰਾ ਨੇਹਾ ਧੂਪੀਆ, ਅਦਾਕਾਰਾ ਸ਼ਰਵਰੀ ਵਾਘ ਨਿਰਦੇਸ਼ਕ ਨਿਤਿਆ ਮਹਿਰਾ, ਅਦਾਕਾਰਾ ਮਿਨੀ ਮਾਥੁਰ, ਅੰਗਦ ਬੇਦੀ, ਮਾਲਵਿਕਾ ਮੋਹਨਨ ਅਤੇ ਹੋਰ ਮਸ਼ਹੂਰ ਹਸਤੀਆਂ ਜੈਪੁਰ ਹਵਾਈ ਅੱਡੇ ‘ਤੇ ਪਹੁੰਚੀਆਂ।
ਹਾਲਾਂਕਿ ਇਸ ਜੋੜੇ ਨੇ ਅਜੇ ਤੱਕ ਆਪਣੇ ਵਿਆਹ ਦਾ ਅਧਿਕਾਰਕ ਐਲਾਨ ਨਹੀਂ ਕੀਤਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੇ ਵਿਆਹ ਦੀ ਲਗਭਗ ਹਰ ਡਿਟੇਲ ਮੀਡੀਆ ‘ਚ ਸਾਹਮਣੇ ਆ ਰਹੀ ਹੈ। ਰਿਸ਼ਤੇਦਾਰਾਂ ਲਈ 45 ਹੋਟਲਾਂ ਦੀ ਬੁਕਿੰਗ ਤੋਂ ਲੈ ਕੇ ਵਿਆਹ ‘ਚ ਮੋਬਾਈਲ ਫੋਨ ‘ਤੇ ਪਾਬੰਦੀ ਲਗਾਉਣ ਤੱਕ ਸਭ ਕੁਝ ਮੀਡੀਆ ਦੇ ਧਿਆਨ ‘ਚ ਆ ਚੁੱਕਾ ਹੈ। ਕੈਟਰੀਨਾ ਆਪਣੀ ਮਾਂ ਨਾਲ ਰਵਾਨਾ ਹੋ ਗਈ ਹੈ।