CM ਚੰਨੀ ਤੇ ਰਾਘਵ ਚੱਢਾ ਵਿਚਾਲੇ ਰੇਤ ਮਾਫੀਆ ਨੂੰ ਲੈ ਕੇ ਜੰਗ ਤੇਜ਼ ਹੋ ਗਈ ਹੈ। ਦੋਵੇਂ ਇਕ-ਦੂਜੇ ‘ਤੇ ਇਲਜ਼ਾਮ ਲਗਾ ਰਹੇ ਹਨ। ਅੱਜ ਆਮ ਆਦਮੀ ਪਾਰਟੀ ਦੇ ਪੰਜਾਬ ਸਹਿ ਇੰਚਾਰਜ ਰਾਘਵ ਚੱਢਾ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਫਿਰ ਤੋਂ ਨਿਸ਼ਾਨਾ ਸਾਧਿਆ ਹੈ।
ਰਾਘਵ ਚੱਢਾ ਨੇ ਕਿਹਾ ਕਿ ਕੱਲ੍ਹ ਚੰਨੀ ਜੀ ਕੈਮਰੇ ਦੀ ਫੌਜ ਲੈ ਕੇ ਜਿੰਦਾਪੁਰ ਦੀ ਗੈਰ-ਕਾਨੂੰਨੀ ਮਾਈਨਿੰਗ ਸਾਈਟ ‘ਤੇ ਜਾਣ ਦੀ ਬਜਾਏ ਰੋਪੜ ਗਏ ਅਤੇ ਕਹਿੰਦੇ ਹਨ ਕਿ ਸਭ ਕੁਝ ਲੀਗਲ ਹੈ। ‘ਆਪ’ ਆਗੂ ਰਾਘਵ ਚੱਢਾ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿਚ ਉਨ੍ਹਾਂ ਦੇ ਇਲਾਕੇ ਦੇ ਪੰਚਾਇਤ ਮੈਂਬਰ ਤੇ ਕਿਸਾਨ ਯੂਨੀਅਨ ਦੇ ਸੀਨੀਅਰ ਨੇਤਾ ਕਹਿ ਰਹੇ ਹਨ ਕਿ ਚੰਨੀ ਸਾਬ੍ਹ ਦੇ ਇਲਾਕੇ ਵਿਚ ਗੈਰ-ਕਾਨੂੰਨੀ ਮਾਈਨਿੰਗ ਚੱਲ ਰਹੀ ਹੈ।ਪੰਚਾਇਤ ਮੈਂਬਰ ਤੇ ਕਿਸਾਨ ਯੂਨੀਅਨ ਦਾ ਕਹਿਣਾ ਹੈ ਕਿ ਜੋਧਪੁਰ, ਵਜੀਦਪੁਰ, ਅਟਾਰੀ, ਰਸੀਦਪੁਰ ਵਗੈਰਾ ਆਦਿ ਪਿੰਡਾਂ ਵਿਚ ਜੰਗਲਾਤ ਵਿਭਾਗ ਵੱਲੋਂ ਹਜ਼ਾਰਾਂ ਦੀ ਗਿਣਤੀ ਵਿਚ ਬੂਟਾ ਲਗਾਏ ਗਏ ਸਨ ਉਥੇ ਸਰਕਾਰ ਵੱਲੋਂ ਇਨ੍ਹਾਂ ਸਾਰੇ ਬੂਟਿਆਂ ਨੂੰ ਪੁੱਟ ਕੇ ਗੈਰ-ਕਾਨੂੰਨੀ ਮਾਈਨਿੰਗ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਖੇਤਰ ਨੂੰ ਕਾਫੀ ਨੁਕਸਾਨ ਹੋਵੇਗਾ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਰਾਘਵ ਚੱਢਾ ਵੱਲੋਂ ਗੈਰ-ਕਾਨੂੰਨੀ ਮਾਈਨਿੰਗ ਦਾ ਵਿਰੋਧ ਕੀਤਾ ਗਿਆ ਸੀ ਪਰ ਇਸ ਦੇ ਬਾਵਜੂਦ ਸ਼ਰੇਆਮ ਉਥੋਂ ਰੇਤਾ ਦੇ ਟਿੱਪਰ ਭਰ ਕੇ ਲਿਜਾਏ ਜਾ ਰਹੇ ਹਨ ਤੇ ਇੰਝ ਲੱਗਦਾ ਹੈ ਕਿ ਰੇਤ ਮਾਫੀਆ ਨੂੰ ਕਿਸੇ ਦਾ ਡਰ ਨਹੀਂ ਹੈ। ਕਿਸਾਨ ਯੂਨੀਅਨ ਨੇ ਕਿਹਾ ਕਿ ਉਨ੍ਹਾਂ ਕਈ ਵਾਰ ਇਸ ਬਾਰੇ ਜੰਗਲਾਤ ਅਧਿਕਾਰੀ ਨੂੰ ਵੀ ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ।