ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਜ਼ੋਰਦਾਰ ਤਰੀਕੇ ਨਾਲ ਨਵੀਂ ਸਿਆਸੀ ਪਾਰੀ ਸ਼ੁਰੂ ਕਰਨ ਦੇ ਸੰਕੇਤ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਆਮ ਆਦਮੀ ਦੇ ਸੁਪਰੀਮੋ ਕੇਜਰੀਵਾਲ ‘ਤੇ ਪੰਜਾਬ ਦੀ ਜਨਤਾ ਨਾਲ ਝੂਠੇ ਵਾਅਦੇ ਕਰਨ ਦਾ ਦੋਸ਼ ਲਾਉਂਦੇ ਹੋਏ ਹਮਲਾ ਬੋਲਿਆ। ਕੈਪਟਨ ਨੇ ਕਿਹਾ ਕਿ ਨੇਤਾ ਉਹ ਹੁੰਦਾ ਹੈ ਜੋ ਜਨਤਾ ਨੂੰ ਸੱਚ ਬੋਲਦਾ ਹੈ। ਪੰਜਾਬ ਦੀ ਆਰਥਿਕ ਹਾਲਤ ਠੀਕ ਨਹੀਂ ਹੈ।
ਕੈਪਟਨ ਨੇ ਇੱਕ ਨਿਊਜ਼ ਚੈਨਲ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਜਾਣਦੇ ਹਨ ਕਿ ਪੰਜਾਬ ਕੋਲ ਪੈਸਾ ਨਹੀਂ ਹੈ। ਪਰ ਉਹ ਸੋਚ ਰਹੇ ਹਨ ਕਿ ਝੂਠ ਬੋਲ ਕੇ 2-3 ਮਹੀਨੇ ਕੱਢ ਲਓ ਤੇ ਚੋਣਾਂ ਲੰਘਾ ਲਓ। ਇਹ ਕਿਸੇ ਲੀਡਰ ਦਾ ਕੰਮ ਨਹੀਂ, ਲੀਡਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਨਤਾ ਦਾ ਸਾਹਮਣਾ ਕਿਵੇਂ ਕਰਨਾ ਹੈ। ਉਨ੍ਹਾਂ ਨੂੰ ਜਨਤਾ ਨੂੰ ਦੱਸਣਾ ਪਏਗਾ ਕਿ ਪੰਜਾਬ ਦੇ ਆਰਥਿਕ ਹਾਲਾਤ ਕਿਹੋ ਜਿਹੇ ਹਨ ਤੇ ਉਹ ਅਜਿਹਾ ਨਹੀਂ ਕਰ ਸਕਦੇ।
ਮੈਂ ਇਹ ਗੱਲ ਬਿਲਕੁਲ ਸਪੱਸ਼ਟ ਕਰ ਦਿੱਤੀ ਸੀ। ਮੇਰਾ ਵੱਸ ਚੱਲੇਗਾ ਤਾਂ ਮੈਂ ਕਾਂਗਰਸ ਦਾ ਸਮਰਥਨ ਬਿਲਕੁਲ ਨਹੀਂ ਕਰਾਂਗਾ। ਮੈਂ ਕਾਂਗਰਸ ਨੂੰ ਆਪਣੀ ਜ਼ਿੰਦਗੀ ਦੇ 42 ਸਾਲ ਦਿੱਤੇ ਹਨ ਪਰ ਕਾਂਗਰਸ ਨੇ ਮੇਰੇ ਨਾਲ ਠੀਕ ਨਹੀਂ ਕੀਤਾ। ਮੈਨੂੰ ਹਟਾਉਣਾ ਹੀ ਸੀ ਤਾਂ ਸਾਫ-ਸਾਫ ਦੱਸ ਦਿੰਦੇ, ਮੈਂ ਜ਼ਰਾ ਦੇਰ ਨਾ ਲਾਉਂਦਾ।
ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਮੁਫਤ ਬਿਜਲੀ ਅਤੇ ਪਾਣੀ ਵਰਗੇ ਵਾਅਦਿਆਂ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਇਹ ਸੋਚ ਰਹੇ ਹਨ ਕਿ ਇਸ ਨੂੰ ਮੁਫਤ ਕਰ ਦਿੱਤਾ ਜਾਵੇਗਾ। ਸਰਕਾਰ ਬਣਨ ‘ਤੇ ਔਰਤਾਂ ਨੂੰ 1000 ਰੁਪਏ ਹਰ ਮਹੀਨੇ ਦਿੱਤੇ ਜਾਣਗੇ। ਕਿੱਥੋਂ ਲਿਆਉਣਗੇ ਪੈਸਾ ਜਦ ਪੈਸਾ ਹੈ ਹੀ ਨਹੀਂ। ਉਨ੍ਹਾਂ ਨੂੰ ਸਿਰਫ ਝੂਠ ਬੋਲਣ ਦੀ ਆਦਤ ਹੈ ਅਤੇ ਕੋਈ ਵੀ ਉਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ।
ਚੁਣਾਵੀ ਗਠਜੋੜ ਦੇ ਸਵਾਲ ‘ਤੇ ਕੈਪਟਨ ਨੇ ਕਿਹਾ ਅਸੀਂ ਫੈਸਲਾ ਕੀਤਾ ਹੈ ਕਿ ਅਸੀਂ ਭਾਜਪਾ ਨਾਲ ਕੰਮ ਕਰਨਾ ਚਾਹੁੰਦੇ ਹਾਂ। ਇਹ ਤਿੰਨ ਪਾਰਟੀਆਂ ਦਾ ਗਠਜੋੜ ਹੋਵੇਗਾ। ਪਰ ਕਿਸ ਨੂੰ ਕਿੰਨੀਆਂ ਸੀਟਾਂ ਮਿਲਣਗੀਆਂ, ਇਹ ਫੈਸਲਾ ਅਜੇ ਨਹੀਂ ਹੋਇਆ ਹੈ। ਉਨ੍ਹਾਂ ਸਾਫ ਤੌਰ ‘ਤੇ ਕਿਹਾ ਕਿ ਅਸੀਂ ਭਾਜਪਾ ਨੂੰ ਪਹਿਲਾਂ ਹੀ ਕਿਹਾ ਸੀ ਕਿ ਪਹਿਲਾਂ ਤੁਸੀਂ ਕਿਸਾਨਾਂ ਦਾ ਮਸਲਾ ਖਤਮ ਕਰੋ ਫਿਰ ਤੁਹਾਡੇ ਨਾਲ ਗੱਲ ਕਰਾਂਗੇ। ਕੈਪਟਨ ਅਗਲੇ ਕੁਝ ਦਿਨਾਂ ਵਿੱਚ ਦਿੱਲੀ ਜਾਣਗੇ।
ਹਾਲਾਂਕਿ, ਇਸ ਸਵਾਲ ‘ਤੇ ਕਿ ਗਠਜੋੜ ਦਾ ਚਿਹਰਾ ਕੌਣ ਹੋਵੇਗਾ, ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਨੇ ਸਿਰਫ ਕੇਂਦਰੀ ਮੰਤਰੀਆਂ ਨਾਲ ਗੱਲ ਕੀਤੀ ਹੈ। ਚਿਹਰਾ ਕੌਣ ਹੋਵੇਗਾ, ਇਹ ਫਿਲਹਾਲ ਨਹੀਂ ਕਿਹਾ ਜਾ ਸਕਦਾ। ਇਹ ਤਿੰਨ ਪਾਰਟੀਆਂ ਦੀ ਗੱਲ ਹੈ। ਸਾਡਾ ਪਹਿਲਾ ਪੜਾਅ ਹੈ ਇਕੱਠੇ ਖੜ੍ਹੇ ਹੋ ਕੇ ਲੜਨਾ, ਦੂਜਾ ਪੜਾਅ ਹੋਵੇਗਾ ਕਿ ਤਿੰਨੋਂ ਪਾਰਟੀਆਂ ਨਾਲ ਬੈਠ ਕੇ ਫੈਸਲਾ ਕਰਨਗੀਆਂ ਕਿ ਕੌਣ ਅਗਵਾਈ ਕਰੇਗਾ।
Comment here