ਫਰੀਦਕੋਟ ਦੇ ਪਿੰਡ ਬੀਹਲੇ ਵਾਲਾ ‘ਚ ਕੱਲ੍ਹ ਦੇਰ ਰਾਤ ਇੱਕ ਸੀਰੀ ਵੱਲੋਂ ਮਾਮੂਲੀ ਬਹਿਸ ਤੋਂ ਬਾਅਦ ਆਪਣੇ ਹੀ ਜ਼ਿਮੀਂਦਾਰ ਦਾ ਤੇਜ਼ ਧਾਰ ਹਥਿਆਰ ਨਾਲ ਬੇਰਹਿਮੀ ਨਾਲ ਕ਼ਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਆਰੋਪੀ ਨੂੰ ਗ੍ਰਿਫਤਾਰ ਕਰ ਹੱਤਿਆ ਦਾ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਜਿਸ ਦੀ ਪਹਿਚਾਣ ਮਹਿਕਮ ਸਿੰਘ ਉਮਰ 60 ਸਾਲ ਨਿਵਾਸੀ ਪਿੰਡ ਬੀਹਲੇ ਵਾਲਾ ਦੇ ਤੋਰ ‘ਤੇ ਹੋਈ ਦੀ ਲਾਸ਼ ਨੂੰ ਕਬਜ਼ੇ ‘ਚ ਲੈਕੇ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ।
ਜਾਣਕਰੀ ਦਿੰਦੇ ਹੋਏ ਡੀਐਸਪੀ ਸੰਜੀਵ ਕੁਮਾਰ ਨੇ ਦੱਸਿਆ ਕਿ ਕੱਲ੍ਹ ਰਾਤ ਪਿੰਡ ਬੀਹਲੇ ਵਾਲਾ ‘ਚ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ‘ਚ ਜਗਦੀਸ਼ ਰਾਜ ਨਾਮਕ ਵਿਅਕਤੀ ਜੋ ਪਿੰਡ ਬੀਹਲੇ ਵਾਲਾ ਦੇ ਜ਼ਿਮੀਂਦਾਰ ਮਹਿਕਮ ਸਿੰਘ ਕੋਲ ਪਿਛਲੇ ਪੰਜ ਛੇ ਸਾਲ ਤੋਂ ਸੀਰੀ ਦੇ ਤੌਰ ‘ਤੇ ਕੰਮ ਕਰ ਰਿਹਾ ਸੀ ਵੱਲੋਂ ਆਪਣੇ ਮਾਲਕ ਤੋਂ ਤੀਹ ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਸੀ ਜੋ ਮਹਿਕਮ ਸਿੰਘ ਵੱਲੋਂ ਨਹੀ ਦਿੱਤੇ ਗਏ। ਜਿਸ ਤੋਂ ਨਿਰਾਸ਼ ਜਗਦੀਸ਼ ਰਾਜ ਨੇ ਮਾਮੂਲੀ ਬਹਿਸ ਤੋਂ ਬਾਅਦ ਨਰਮਾ ਇਕੱਠਾ ਕਰਨ ਵਾਲੀ ਪੰਜਾਲੀ ਨਾਲ ਉਸ ‘ਤੇ ਵਾਰ ਕਰ ਦਿੱਤਾ ਜੋ ਮਹਿਕਮ ਸਿੰਘ ਦੇ ਸਰੀਰ ‘ਚੋਂ ਆਰ ਪਾਰ ਹੋ ਗਈ ਜਿਸ ਨਾਲ ਮਹਿਕਮ ਸਿੰਘ ਦੀ ਮੌਤ ਹੋ ਗਈ l
ਇਨ੍ਹਾਂ ਦੱਸਿਆ ਕਿ ਜਗਦੀਸ਼ ਰਾਜ ਰਿਕਾਰਡ ਮੁਤਾਬਿਕ ਪੁਲਿਸ ‘ਚ ਰਿਹਾ ਜਿਸ ਨੂੰ ਲਗਾਤਾਰ ਗੈਰਹਾਜ਼ਰ ਰਹਿਣ ‘ਤੇ ਮਹਿਕਮੇ ਨੇ 1994 ‘ਚ ਡਿਸਮਿਸ ਕਰ ਦਿੱਤਾ ਸੀ ਅਤੇ ਇਸ ਦਾ ਘਰ ‘ਚ ਵੀ ਵਤੀਰਾ ਸਹੀ ਨਹੀਂ ਸੀ ਜਿਸ ਨੇ ਆਪਣੀ ਪਤਨੀ ਦੇ ਅਤੇ ਇਕ ਵਾਰ ਆਪਣੀ ਬੇਟੀ ‘ਤੇ ਹੀ ਹਮਲਾ ਕਰ ਕੁੱਟਮਾਰ ਕਰ ਜਖਮੀ ਕਰ ਦਿੱਤਾ ਸੀ। ਜਿਸ ਨੂੰ ਲੈਕੇ ਉਸਦੇ ਪਿਤਾ ਵੱਲੋਂ ਹੀ ਮਾਮਲਾ ਦਰਜ ਕਰਵਾਇਆ ਸੀ ਜਿਸ ‘ਚੋ ਉਹ ਬਰੀ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਫਿਲਹਾਲ ਆਰੋਪੀ ਖਿਲਾਫ ਹੱਤਿਆ ਦਾ ਮਾਮਲਾ ਦਰਜ਼ ਕਰ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈਂ।