ਪਾਕਿਸਤਾਨ ਦੇ ਇਕ ਗੁਰਦੁਆਰਾ ਸਾਹਿਬ ਵਿੱਚ ਸ਼ਰਾਰਤੀ ਅਨਸਰਾਂ ਵਲੋਂ ਸ਼ੁੱਕਰਵਾਰ ਦੀ ਸ਼ਾਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਕੀਤੇ ਜਾਣ ਅਤੇ ਗੁਰੂਘਰ ਦੀ ਗੋਲਕ ਦੀ ਭੰਨਤੋੜ ਕਰਕੇ ਚੋਰੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ।

ਕਰਾਚੀ ਦੇ ਸਿੱਖ ਵਕੀਲ ਹੀਰਾ ਸਿੰਘ ਨੇ ਇਕ ਚੈਨਲ ਨੂੰ ਟੈਲੀਫੋਨ ‘ਤੇ ਦੱਸਿਆ ਕਿ ਬੇਅਦਬੀ ਦੀ ਇਹ ਘਟਨਾ ਸਿੰਧ ਸੂਬੇ ‘ਚ ਘੌਸਪੁਰ ਸ਼ਹਿਰ ਨੇੜੇ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਧਿਆਏ ਵਿਖੇ ਵਾਪਰੀ ਹੈ। ਹੀਰਾ ਸਿੰਘ ਮੌਜੂਦਾ ਸਮੇਂ ਅਮਰੀਕਾ ਦੌਰੇ ‘ਤੇ ਹਨ। ਉਨ੍ਹਾਂ ਕਿਹਾ ਕਿ “ਨਫ਼ਰਤ ਕਰਨ ਵਾਲਿਆਂ ਨੇ ਪਵਿੱਤਰ ਗ੍ਰੰਥ ਦੇ ਪੰਨੇ ਪਾੜ ਦਿੱਤੇ ਹਨ ਅਤੇ ਗੋਲਕ ਵਿੱਚੋਂ ਭੇਟਾਂ ਚੋਰੀ ਕਰ ਲਈ ਹੈ। ਜਿੱਥੇ ਇਹ ਘਟਨਾ ਵਾਪਰੀ ਹੈ ਉੱਥੇ ਲਗਭਗ 7,000 ਸਿੱਖ-ਹਿੰਦੂ ਰਹਿੰਦੇ ਹਨ ਅਤੇ ਉਨ੍ਹਾਂ ‘ਚ ਡਰ ਦਾ ਮਹੌਲ ਹੈ।
ਵਕੀਲ ਹੀਰਾ ਸਿੰਘ ਨੇ ਇਹ ਵੀ ਕਿਹਾ ਕਿ “ਬਦਕਿਸਮਤੀ ਨਾਲ ਪੁਲਿਸ ਨੇ ਐੱਫਆਈਆਰ ਵੀ ਦਰਜ ਨਹੀਂ ਕੀਤੀ।” ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਬਾਅਦ ਘੌਸਪੁਰ ਦੇ ਸਿੱਖਾਂ ਨੇ ਸ਼ਨੀਵਾਰ ਨੂੰ ਗੁਰਦੁਆਰੇ ਨੇੜੇ ਧਰਨਾ ਦਿੱਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ “ਇਸ ਘਟਨਾ ਤੋਂ ਬਾਅਦ ਸਥਾਨਕ ਸਿੱਖ ਅਤੇ ਹਿੰਦੂ ਡਰੇ ਹੋਏ ਹਨ ਅਤੇ ਆਪਣੇ ਪਰਿਵਾਰਾਂ ਅਤੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ।”
Comment here