ਕੈਪਟਨ ਦੇ ਖਾਸ ਤੇ ਸ਼ਾਹੀ ਸ਼ਹਿਰ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਦੀ ਸਾਬਕਾ ਮੁੱਖ ਮੰਤਰੀ ਮੰਤਰੀ ਦੀ ਮੌਜੂਦਗੀ ਵਿੱਚ ਛੁੱਟੀ ਕਰ ਦਿੱਤੀ ਗਈ ਹੈ। ਬਿੱਟੂ ਸਦਨ ਵਿੱਚ ਬਹੁਮਤ ਸਾਬਤ ਕਰਨ ਵਿੱਚ ਨਾਕਾਮ ਰਹੇ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੇਅਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ।
ਕੈਪਟਨ ਅਮਰਿੰਦਰ ਸਿੰਘ ਵੀ ਇਸ ਦੌਰਾਨ ਮੇਅਰ ਬਿੱਟੂ ਦੇ ਪੱਖ ਵਿੱਚ ਉਥੇ ਪਹੁੰਚੇ ਸਨ। ਪਹਿਲਾਂ ਵੀ ਬਿੱਟੂ ਖਿਲਾਫ ਕਈ ਵਾਰ ਆਵਾਜ਼ਾਂ ਉਠਦੀਆਂ ਰਹੀਆਂ ਸਨ ਪਰ ਕੈਪਟਨ ਦੇ ਮੁੱਖ ਮੰਤਰੀ ਹੁੰਦਿਆਂ ਉਹ ਅਹੁਦੇ ‘ਤੇ ਬਣੇ ਰਹੇ, ਕਿਉਂਕਿ ਉਹ ਕੈਪਟਨ ਦੇ ਨੇੜਲਿਆਂ ਵਿੱਚੋਂ ਇੱਕ ਹਨ।
ਮੁੱਖ ਮੰਤਰੀ ਵਜੋਂ ਅਸਤੀਫਾ ਦੇਣ ਪਿੱਛੋਂ ਕੈਪਟਨ ਜ਼ਾਹਰ ਤੌਰ ‘ਤੇ ਪਟਿਆਲਾ ਵਿੱਚ ਆਪਣਾ ਪਹਿਲਾ ਸ਼ਕਤੀ ਪ੍ਰਦਰਸ਼ਨ ਕਰਨ ਮੇਅਰ ਖਿਲਾਫ ਬੇਭਰੋਸਗੀ ਮਤੇ ਦੇ ਵਿਰੁੱਧ ਵੋਟ ਪਾਉਣ ਲਈ ਆਪਣੀ ਟੀਮ ਨਾਲ ਆਏ ਸਨ।
ਸਦਨ ਵਿੱਚ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਮੇਅਰ ਸੰਜੀਵ ਸ਼ਰਮਾ ਬਿੱਟੂ 25 ਵੋਟਾਂ ਨਾਲ ਸਦਨ ਦਾ ਭਰੋਸਾ ਗੁਆ ਚੁੱਕੇ ਹਨ ਜਦਕਿ ਉਨ੍ਹਾਂ ਨੂੰ 30 ਤੋਂ ਵੱਧ ਵੋਟਾਂ ਮਿਲਣੀਆਂ ਚਾਹੀਦੀਆਂ ਸਨ। ਇਸ ਪਿੱਛੋਂ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਨੂੰ ਪਟਿਆਲਾ ਦਾ ਕਾਰਜਕਾਰੀ ਮੇਅਰ ਬਣਾਇਆ ਗਿਆ।
ਇਸ ਤੋਂ ਪਹਿਲਾਂ ਬਿੱਟੂ ਨੂੰ ਮੇਅਰ ਦੇ ਅਹੁਦੇ ਤੋਂ ਹਟਾਉਣ ਦੇ ਬ੍ਰਹਮ ਮਹਿੰਦਰਾ ਦੇ ਫੈਸਲੇ ਖਿਲਾਫ ਬੇਭਰੋਸਗੀ ਮਤੇ ‘ਤੇ ਵੋਟਿੰਗ ਸ਼ੁਰੂ ਹੁੰਦੇ ਹੀ ਨਗਰ ਨਿਗਮ ਅੰਦਰ ਹੰਗਾਮਾ ਹੋ ਗਿਆ। ਮੇਅਰ ਸੰਜੀਵ ਸ਼ਰਮਾ ਬਿੱਟੂ, ਜੋ ਮੀਟਿੰਗ ਹਾਲ ਅੰਦਰ ਗਤੀਵਿਧੀਆਂ ਦੀਆਂ ਵੀਡੀਓਜ਼ ਆਪਣੇ ਸੋਸ਼ਲ ਮੀਡੀਆ ਪੇਜ ‘ਤੇ ਪੋਸਟ ਕਰ ਰਹੇ ਸਨ, ਦਾ ਮੋਬਾਈਲ ਫੋਨ ਵੀ ਖੋਹ ਲਿਆ ਗਿਆ।