Site icon SMZ NEWS

ਅੰਨਾ ਹਜ਼ਾਰੇ ਦੀ ਵਿਗੜੀ ਤਬੀਅਤ, ਪੁਣੇ ਦੇ ਹਸਪਤਾਲ ‘ਚ ਹੋਏ ਦਾਖ਼ਲ

ਸਮੇਂ-ਸਮੇਂ ‘ਤੇ ਸਮਾਜਿਕ ਮੁੱਦਿਆਂ ‘ਤੇ ਆਵਾਜ਼ ਬੁਲੰਦ ਕਰਨ ਵਾਲੇ ਸੋਸ਼ਲ ਵਰਕਰ ਤੇ ਗਾਂਧੀਵਾਦੀ ਅੰਨਾ ਹਜ਼ਾਰੇ ਨੂੰ ਤਬੀਅਤ ਵਿਗੜਣ ਕਰਕੇ ਮਹਾਰਾਸ਼ਟਰ ਦੇ ਪੁਣੇ ‘ਚ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਨੂੰ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਸੀ।

Anna Hazare ill health

84 ਸਾਲ ਦੇ ਅੰਨਾ ਹਜ਼ਾਰੇ ਨੂੰ ਪੁਣੇ ਦੇ ਰੂਬੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਥੇ ਉਨ੍ਹਾਂ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਰਖਿਆ ਗਿਆ ਹੈ। ਫਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਹੈ। ਇਹ ਜਾਣਕਾਰੀ ਹਸਪਤਾਲ ਦੇ ਅਧਿਕਾਰੀਆਂ ਵੱਲੋਂ ਦਿੱਤੀ ਗਈ।

ਅੰਨਾ ਹਜ਼ਾਰੇ ਨੂੰ ਪਿਛਲੇ ਦੋ-ਤਿੰਨ ਦਿਨਾਂ ਤੋਂ ਛਾਤੀ ਵਿਚ ਦਰਦ ਹੋ ਰਿਹਾ ਸੀ। ਉਨ੍ਹਾਂ ਦੀ ਮਾਹਿਰਾਂ ਦੀ ਟੀਮ ਵੱਲੋਂ ਜਾਂਚ ਕੀਤੀ ਗਈ। ਉਨ੍ਹਾਂ ਦੀ ਐਂਜੀਓਗ੍ਰਾਫੀ ਕੀਤੀ ਗਈ, ਜਿਸ ਵਿੱਚ ਕੋਰੋਨਰੀ ਆਰਟਰੀ ਵਿੱਚ ਮਾਮੂਲੀ ਬਲਾਕੇਜ ਆਈ ਹੈ। ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ 2 ਤੋਂ 3 ਦਿਨਾਂ ਵਿੱਚ ਛੁੱਟੀ ਮਿਲ ਸਕਦੀ ਹੈ।

ਦੱਸ ਦੇਈਏ ਕਿ ਅੰਨਾ ਹਜ਼ਾਰੇ 2011 ਦੀ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਦਾ ਚਿਹਰਾ ਰਹੇ ਹਨ। ਉਹ ਪੁਣੇ ਤੋਂ ਲਗਭਗ 87 ਕਿਲੋਮੀਟਰ ਦੂਰ ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਦੇ ਰਾਲੇਗਣ ਸਿੱਧੀ ਪਿੰਡ ਦੇ ਰਹਿਣ ਵਾਲੇ ਹਨ।

ਅੰਨਾ ਨੇ 2019 ਵਿੱਚ ਐਂਟੀ-ਕੁਰੱਪਸ਼ਨ ਵਾਚਡਾਗ ਦੀ ਨਿਯੁਕਤੀ ਦੀ ਮੰਗ ਨੂੰ ਲੈ ਕੇ ਸੱਤ ਦਿਨਾਂ ਤੱਕ ਭੁੱਖ ਹੜਤਾਲ ਕੀਤੀ ਸੀ। ਇਸ ਤੋਂ ਬਾਅਦ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਇਸ ਸਾਲ ਦੀ ਸ਼ੁਰੂਆਤ ‘ਚ ਅੰਨਾ ਹਜ਼ਾਰੇ ਨੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਭੁੱਖ ਹੜਤਾਲ ਦਾ ਐਲਾਨ ਕੀਤਾ ਸੀ।

Exit mobile version