ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨਾਲ ਜੁੜੀ ਵੱਡੀ ਖਬਰ ਹੈ। ਪੰਜਾਬ ਪੁਲਿਸ ਦੀ ਸਿਟ ਨੇ ਬੇਅਦਬੀ ਮਾਮਲੇ ‘ਤੇ ਰਾਮ ਰਹੀਮ ਤੋਂ ਕਈ ਸਵਾਲ ਕੀਤੇ ਸਨ, ਜਿਸ ਨੂੰ ਲੈ ਕੇ ਇਸ ਦੀ ਜਾਣਕਾਰੀ ਸਾਹਮਣੇ ਆਈ ਹੈ।
ਹਾਲ ਹੀ ‘ਚ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ 7 ਘੰਟੇ ਤੋਂ ਵੱਧ ਦੀ ਪੁੱਛਗਿੱਛ ਹੋਈ ਸੀ। ਇਸ ਨੂੰ ਲੈ ਕੇ ਸਾਰੇ ਇਹ ਜਾਣਨਾ ਚਾਹੁੰਦੇ ਸਨ ਆਖਿਰ ਕੀ ਪੁੱਛਗਿੱਛ ਹੋਈ ਹੈ ਅਤੇ ਰਾਮ ਰਹੀਮ ਨੇ ਕੀ ਜਵਾਬ ਦਿੱਤੇ ਹਨ। ਇਸ ਵਿਚਕਾਰ ਰਿਪੋਰਟਾਂ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਪੁੱਛਗਿੱਛ ਦੌਰਾਨ ਗੁਰਮੀਤ ਰਾਮ ਰਹੀਮ ਨੇ ਸਾਫ ਕਿਹਾ ਕਿ ਬੇਅਦਬੀ ਕਰਵਾਉਣ ਵਿੱਚ ਉਸ ਦੀ ਕੋਈ ਭੂਮਿਕਾ ਨਹੀਂ ਹੈ ਅਤੇ ਨਾ ਹੀ ਉਹ ਬੇਅਦਬੀ ਕਰਨ ਵਾਲੇ ਲੋਕਾਂ ਨੂੰ ਜਾਣਦਾ ਹੈ। ਪੰਜਾਬ ਪੁਲਿਸ ਦੀ ਐੱਸ. ਆਈ. ਟੀ. ਨੇ ਕੁੱਲ 114 ਸਵਾਲਾਂ ਦੀ ਸੂਚੀ ਤਿਆਰ ਕੀਤੀ ਸੀ।
ਰਾਮ ਰਹੀਮ ਤੋਂ ਐੱਸ. ਆਈ. ਟੀ. ਨੇ ਸਵਾਲ ਕੀਤਾ ਕਿ ਉਨ੍ਹਾਂ ਨੂੰ ਬੇਅਦਬੀ ਬਾਰੇ ਕਿਸ ਤਰ੍ਹਾਂ ਪਤਾ ਲੱਗਾ ਤੇ ਕਿਸ ਨੇ ਇਸ ਦੀ ਜਾਣਕਾਰੀ ਦਿੱਤੀ। ਇਸ ‘ਤੇ ਰਾਮ ਰਹੀਮ ਨੇ ਕਿਹਾ ਕਿ ਦਰਸ਼ਨ ਸਿੰਘ ਨੇ ਉਸ ਨੂੰ ਇਸ ਬਾਰੇ ਦੱਸਿਆ ਸੀ। ਇਹ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ।
ਐੱਸ. ਆਈ. ਟੀ. ਨੇ ਪੁੱਛਿਆ ਕਿ ਬਲਜੀਤ ਸਿੰਘ ਦਾ ਦਾਦੂਵਾਲ, ਰਣਜੀਤ ਸਿੰਘ ਢੱਡਰੀਆਂ ਵਾਲੇ, ਪੰਥਪ੍ਰੀਤ ਸਿੰਘ ਭਾਈ ਬਖਤੌਰ ਅਤੇ ਹਰਜਿੰਦਰ ਮਾਂਝੀ ਨਾਲ ਕੀ ਰਿਸ਼ਤਾ ਹੈ। ਕੀ ਤੁਹਾਡੀ ਇਨ੍ਹਾਂ ਨਾਲ ਕੋਈ ਨਿੱਜੀ ਦੁਸ਼ਮਣੀ ਸੀ? ਇਸ ‘ਤੇ ਰਾਮ ਰਹੀਮ ਨੇ ਕਿਹਾ ਕਿ ਮੇਰਾ ਇਨ੍ਹਾਂ ਸਭ ਨਾਲ ਕੋਈ ਨਿੱਜੀ ਸਬੰਧ ਨਹੀਂ ਹੈ ਅਤੇ ਨਾ ਹੀ ਮੈਂ ਲੋਕਾਂ ਨੂੰ ਜਾਣਦਾ ਹਾਂ।
ਪੁਲਿਸ ਨੇ ਪੁੱਛਿਆ ਕਿ ਬੇਅਦਬੀ ਕਰਨ ਦੇ ਪਿੱਛੇ ਕੀ ਮਕਸਦ ਸੀ, ਕੀ ਉਹ ਹੱਲ ਹੋਇਆ। ਜਵਾਬ ਵਿਚ ਰਾਮ ਰਹੀਮ ਨੇ ਕਿਹਾ ਕਿ ਅਸੀਂ ਕੋਈ ਬੇਅਦਬੀ ਨਹੀਂ ਕੀਤੀ। ਨਾ ਹੀ ਕਿਸੇ ਨੂੰ ਅਜਿਹਾ ਕਰਨ ਦਾ ਹੁਕਮ ਦਿੱਤਾ ਸੀ। ਉਨ੍ਹਾਂ ਪੁੱਛਿਆ ਕਿ ਬੇਅਦਬੀ ਕਰਨ ਵਿਚ ਕਿਸਦਾ ਹੱਥ ਹੈ, ਜਵਾਬ-ਮੈਨੂੰ ਇਸ ਬਾਰੇ ਕੁਝ ਪਤਾ ਨਹੀਂ। ਸਵਾਲ-ਸਿੱਖ ਧਰਮ, ਪ੍ਰਚਾਰਕਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਭੱਦੀ ਸ਼ਬਦਾਵਲੀ ਵਾਲੇ ਪੋਸਟਰ ਲਗਾਉਣ ਦਾ ਪਲਾਨ ਕਿਸਦਾ ਸੀ? ਜਵਾਬ-ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ। ਇਸ ਤਰ੍ਹਾਂ ਸਿਟ ਨੇ ਕਈ ਸਵਾਲ ਡੇਰਾ ਮੁਖੀ ਨੂੰ ਕੀਤੇ ਪਰ ਰਾਮ ਰਹੀਮ ਆਪਣੇ ਉਤੇ ਲੱਗੇ ਦੋਸ਼ਾਂ ਨੂੰ ਨਕਾਰਦੇ ਰਹੇ।
Comment here