Site icon SMZ NEWS

ਸਿੱਧੂ ਦਾ ਕੇਜਰੀਵਾਲ ‘ਤੇ ਹਮਲਾ, ਬੋਲੇ- ‘ਪੰਜਾਬ ਦਾ ਇੰਨਾ ਬਜਟ ਨਹੀਂ ਤੇ ਐਲਾਨ ਤੁਸੀਂ 1 ਲੱਖ ਕਰੋੜ ਤੋਂ ਉੱਪਰ ਦੇ ਕਰ ਗਏ’

ਪਿਛਲੇ ਦਿਨ ਅਰਵਿੰਦ ਕੇਜਰੀਵਾਲ ਵੱਲੋਂ ਤਰੀਫ਼ਾਂ ਦੇ ਪੁਲ ਬੰਨ੍ਹਣ ਵਿਚਕਾਰ ਨਵਜੋਤ ਸਿੱਧੂ ਨੇ ਉਨ੍ਹਾਂ ‘ਤੇ ਉਲਟਾ ਤਿੱਖਾ ਪਲਟਵਾਰ ਕੀਤਾ ਹੈ। ਸਿੱਧੂ ਨੇ ਅਰਵਿੰਦ ਕੇਜਰੀਵਾਲ ‘ਤੇ ਜ਼ੁਬਾਨੀ ਹਮਲਾ ਬੋਲਦਿਆਂ ਕਿਹਾ ਕਿ ਸ਼ਾਰਟ ਕੱਟ ਵਾਲੇ ਜੁਗਾੜ ਜ਼ਿਆਦਾ ਦੇਰ ਨਹੀਂ ਚੱਲਦੇ। ਸਿੱਧੂ ਨੇ ਕਿਹਾ ਕਿ 1 ਲੱਖ 10 ਹਜ਼ਾਰ ਕਰੋੜ ਦੇ ਐਲਾਨ ਕੇਜਰੀਵਾਲ ਸਾਬ੍ਹ ਕਰਕੇ ਗਏ ਹਨ ਪਰ ਪੰਜਾਬ ਦਾ ਬਜਟ ਸਿਰਫ 72 ਹਜ਼ਾਰ ਕਰੋੜ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਾਬ੍ਹ ਦੱਸਣ ਕਿ ਇੰਨਾ ਪੈਸਾ ਕਿਥੋਂ ਆਵੇਗਾ। ਦਿੱਲੀ ਤੇ ਪੰਜਾਬ ਦੇ ਹਾਲਾਤ ਬਿਲਕੁਲ ਵੱਖ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਖਜ਼ਾਨਾ ਭਰਨਾ ਸ਼ੀਲਾ ਦੀਕਸ਼ਿਤ ਨੇ ਸਿਖਾਇਆ ਸੀ ਤੇ ਕੇਜਰੀਵਾਲ ਦੀ ਸਿਆਸਤ ਵਿਚ ਐਂਟਰੀ ਅੰਨਾ ਹਜ਼ਾਰੇ ਦੁਆਰਾ ਹੋਈ ਸੀ।

ਸਿੱਧੂ ਦਾ ਇਹ ਬਿਆਨ ਇਸ ਲਈ ਅਹਿਮ ਹੈ ਕਿਉਂਕਿ ਅਜੇ ਬੀਤੇ ਦਿਨੀਂ ਹੀ ‘ਆਪ’ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤਾਰੀਫਾਂ ਦੇ ਪੁਲ ਬੰਨ੍ਹੇ ਸਨ। ਉਨ੍ਹਾਂ ਕਿਹਾ ਕਿ ਮੈਂ ਸਿੱਧੂ ਦੀ ਵਕਾਲਤ ਨਹੀਂ ਕਰ ਰਿਹਾ। ਨਵਜੋਤ ਸਿੱਧੂ ਵੱਲੋਂ ਚੁੱਕੇ ਗਏ ਨਸ਼ੇ, ਬੇਅਦਬੀ ਤੇ ਰੇਤ ਮਾਫੀਆ ਦੇ ਮੁੱਦੇ ਸਹੀ ਹਨ ਪਰ ਸਾਰੀ ਕਾਂਗਰਸ ਸਿੱਧੂ ਨੂੰ ਦਬਾ ਰਹੀ ਹੈ। ਉਨ੍ਹਾਂ ਨੂੰ ਪਹਿਲਾਂ ਕੈਪਟਨ ਸਾਹਿਬ ਵੱਲੋਂ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਹੁਣ ਚੰਨੀ ਸਾਹਿਬ ਵੱਲੋਂ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਮੁੱਦੇ ਹਨ ਤੇ ਇਨ੍ਹਾਂ ਮੁੱਦਿਆਂ ਦਾ ਸਮਾਧਾਨ ਕਰਨਾ ਜ਼ਰੂਰੀ ਹੈ।

ਗੌਰਤਲਬ ਹੈ ਕਿ ਬੀਤੇ ਦਿਨੀਂ ਅਰਵਿੰਦ ਕੇਜਰੀਵਾਲ ਨੇ ਅਧਿਆਪਕਾਂ ਲਈ ਕਈ ਵੱਡੇ ਐਲਾਨ ਕੀਤੇ ਸਨ। ਉਨ੍ਹਾਂ ਕਿਹਾ ਸੀ ਕਿ ਸਾਡੀ ਸਰਕਾਰ ਬਣੀ ਤਾਂ ਸਭ ਤੋਂ ਪਹਿਲਾਂ ਠੇਕੇ ‘ਤੇ ਕੰਮ ਕਰਦੇ ਸਾਰੇ ਅਧਿਆਪਕਾਂ ਨੂੰ ਪੱਕਾ ਕਰਾਂਗੇ। ਅਸੀਂ ਚੰਨੀ ਸਹਿਬ ਨੂੰ ਅਪੀਲ ਕਰਦੇ ਹਾਂ ਕਿ ਇਹਨਾਂ ਅਧਿਆਪਕਾਂ ਦੀ ਮੰਗ ਪੂਰੀ ਕੀਤੀ ਜਾਵੇ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਇੱਕ ਪਾਸੇ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹਨ ਅਤੇ ਦੂਜੇ ਪਾਸੇ ਅਧਿਆਪਕ ਬੇਰੋਜ਼ਗਾਰ ਘੁੰਮ ਰਹੇ ਹਨ। ਪੰਜਾਬ ਵਿੱਚ ਸਰਕਾਰ ਬਣਦੇ ਹੀ ਅਸੀਂ ਇਮਤਿਹਾਨ ਕਰਵਾ ਕੇ ਇਹ ਸਾਰੀਆਂ ਅਸਾਮੀਆਂ ਭਰਾਂਗੇ ਤਾਂ ਜੋ ਅਧਿਆਪਕਾਂ ਨੂੰ ਰੁਜ਼ਗਾਰ ਮਿਲ ਸਕੇ ਅਤੇ ਬੱਚਿਆਂ ਨੂੰ ਅਧਿਆਪਕ ਮਿਲ ਸਕਣ।

Exit mobile version