ਹੁਣ 15 ਤੋਂ 20 ਸਾਲ ਪੁਰਾਣੀ ਗੱਡੀ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਕਬਾੜ ਕੇਂਦਰ ‘ਚ ਦੇ ਕੇ ਨਵੀਂ ਕਾਰ ਖਰੀਦਣ ‘ਤੇ ਵੱਡੀ ਬਚਤ ਹੋਣ ਵਾਲੀ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਕਿਹਾ ਕਿ ਸਰਕਾਰ ਹਾਲ ਹੀ ‘ਚ ਪੇਸ਼ ਕੀਤੀ ਰਾਸ਼ਟਰੀ ਵਾਹਨ ਕਬਾੜ ਨੀਤੀ ਤਹਿਤ ਪੁਰਾਣੇ ਵਾਹਨਾਂ ਨੂੰ ਕਬਾੜ ‘ਚ ਬਦਲਣ ਤੋਂ ਬਾਅਦ ਖਰੀਦੀਆਂ ਜਾਣ ਵਾਲੀਆਂ ਨਵੀਂਆਂ ਗੱਡੀਆਂ ‘ਤੇ ਟੈਕਸ ਸੰਬੰਧਿਤ ਹੋਰ ਰਿਆਇਤਾਂ ਦੇਣ ਦੇ ਪ੍ਰਸਤਾਵ ‘ਤੇ ਵਿਚਾਰ ਕਰ ਰਹੀ ਹੈ। ਗਡਕਰੀ ਨੇ ਇਹ ਵੀ ਕਿਹਾ ਕਿ ਨਵੀਂ ਕਬਾੜ ਨੀਤੀ ਤਹਿਤ ਪ੍ਰਦੂਸ਼ਣ ‘ਚ ਕਮੀ ਆਏਗੀ। ਉਨ੍ਹਾਂ ਨੇ ਮਾਰੂਤੀ ਸੁਜ਼ੂਕੀ ਵੱਲੋਂ ਸਥਾਪਤ ਕਬਾੜ ਤੇ ਰੀਸਾਈਕਲਿੰਗ ਕੇਂਦਰ ਦਾ ਉਦਘਾਟਨ ਕਰਦੇ ਹੋਏ ਇਹ ਗੱਲ ਕਹੀ। ਇਹ ਸਰਕਾਰ ਤੋਂ ਮਨਜ਼ੂਰੀ ਪ੍ਰਾਪਤ ਇਸ ਤਰ੍ਹਾਂ ਦਾ ਪਹਿਲਾ ਕੇਂਦਰ ਹੈ।

ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨੇ ਕਿਹਾ ਕਿ ਕਬਾੜ ਨੀਤੀ ਤੋਂ ਕੇਂਦਰ ਅਤੇ ਰਾਜਾਂ ਦੋਵਾਂ ਦਾ ਜੀ. ਐੱਸ. ਟੀ. ਮਾਲੀਆ ਵਧੇਗਾ। ਉਨ੍ਹਾਂ ਕਿਹਾ ਕਿ ਮੈਂ ਵਿੱਤ ਮੰਤਰਾਲੇ ਨਾਲ ਇਸ ‘ਤੇ ਚਰਚਾ ਕਰਾਂਗਾ ਕਿ ਨਵੀਂ ਨੀਤੀ ਤਹਿਤ ਕਿਸ ਕਿਸਮ ਦੀਆਂ ਰਿਆਇਤਾਂ ਦਿੱਤੀਆਂ ਜਾ ਸਕਦੀਆਂ ਹਨ। ਨਵੀਂ ਨੀਤੀ ਵਿੱਚ ਕੇਂਦਰ ਨੇ ਕਿਹਾ ਸੀ ਕਿ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਰਾਣੇ ਵਾਹਨਾਂ ਨੂੰ ਕਬਾੜ ਵਿੱਚ ਬਦਲ ਕੇ ਨਵੀਂ ਗੱਡੀ ਲੈਣ ‘ਤੇ 25 ਫੀਸਦੀ ਤੱਕ ਛੋਟ ਦੇਣਗੇ।

ਨਿਤਿਨ ਗਡਕਰੀ ਨੇ ਕਿਹਾ ਕਿ ਉਹ ਜੀਐਸਟੀ ਡਿਪਾਰਟਮੇਂਟ ਤੋਂ ਵੀ ਇਸ ਗੱਲ ਦੀ ਸੰਭਾਵਨਾ ਲੱਭਣ ਦੀ ਅਪੀਲ ਕਰ ਰਹੇ ਹਨ ਕਿ ਨਵੀਂ ਨੀਤੀ ਤਹਿਤ ਹੋਰ ਕੀ ਲਾਭ ਦਿੱਤੇ ਜਾ ਸਕਦੇ ਹਨ। ਇਸ ਬਾਰੇ ਅੰਤਿਮ ਫੈਸਲਾ ਵਿੱਤ ਅਤੇ ਜੀਐਸਟੀ ਡਿਪਾਰਟਮੇਂਟ ਕਰੇਗਾ।