ਪੰਜਾਬ ਦੇ ਪਠਾਨਕੋਟ ਵਿਚ ਹੋਏ ਗ੍ਰੇਨੇਡ ਹਮਲੇ ਨੂੰ ਪੁਲਿਸ ਤੇ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਅੱਤਵਾਦੀ ਹਮਲਾ ਮੰਨਿਆ ਹੈ। ਇਹ ਖੁਲਾਸਾ ਕਾਊਂਟਰ ਇੰਟੈਲੀਜੈਂਸ ਦੇ ਏਆਈਜੀ ਗੁਲਨੀਤ ਖੁਰਾਣਾ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਜਾਂਚ ਜਾਰੀ ਹੈ। ਪਠਾਨਕੋਟ ‘ਚ ਫੌਜ ਦੇ ਤ੍ਰਿਵੇਣੀ ਗੇਟ ‘ਤੇ ਗ੍ਰੇਨੇਡ ਹਮਲਾ ਹੋਇਆ ਹੈ।
ਜਾਂਚ ਏਜੰਸੀਆਂ ਸੀਸੀਟੀਵੀ ਫੁਟੇਜ ਅਤੇ ਸਬੂਤ ਇਕੱਠੇ ਕਰ ਰਹੀਆਂ ਹਨ। ਜਾਣਕਾਰੀ ਮੁਤਾਬਕ ਬਾਈਕ ਸਵਾਰ ਨੇ ਗ੍ਰੇਨੇਡ ਸੁੱਟਿਆ ਸੀ। ਪੁਲਿਸ, ਕਾਊਂਟਰ ਇੰਟੈਲੀਜੈਂਸ ਅਤੇ ਸੀਆਈਡੀ ਦੀ ਟੀਮ ਮਿਲ ਕੇ ਜਾਂਚ ਵਿੱਚ ਲੱਗੀ ਹੋਈ ਹੈ। ਸੁਰੱਖਿਆ ਬਲ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਜਾਂਚ ‘ਚ ਲੱਗੇ ਹੋਏ ਹਨ। ਇਸ ਦੇ ਨਾਲ ਹੀ ਸਰਚ ਮੁਹਿੰਮ ਜਾਰੀ ਹੈ।
ਧਮਾਕੇ ਤੋਂ ਬਾਅਦ ਅਧਿਕਾਰੀਆਂ ਨੇ ਅਲਰਟ ਜਾਰੀ ਕਰ ਦਿੱਤਾ ਹੈ। ਪੁਲਿਸ ਨੇ ਸੋਮਵਾਰ ਨੂੰ ਦੱਸਿਆ ਕਿ ਧਮਾਕਾ ਐਤਵਾਰ ਦੇਰ ਰਾਤ ਛਾਉਣੀ ਦੇ ਤ੍ਰਿਵੇਣੀ ਗੇਟ ਦੇ ਬਾਹਰ ਹੋਇਆ ਪਰ ਗਨੀਮਤ ਰਹੀ ਕਿ ਇਸ ਘਟਨਾ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।ਗੌਰਤਲਬ ਹੈ ਕਿ ਪਠਾਨਕੋਟ ਭਾਰਤ ਦੇ ਸਭ ਤੋਂ ਮਹੱਤਵਪੂਰਨ ਠਿਕਾਣਿਆਂ ਵਿੱਚੋਂ ਇੱਕ ਹੈ। ਇਥੇ ਇੱਕ ਏਅਰ ਫੋਰਸ ਸਟੇਸ਼ਨ, ਇੱਕ ਆਰਮੀ ਅਸਲਾ ਡਿਪੂ ਅਤੇ ਦੋ ਬਖਤਰਬੰਦ ਬ੍ਰਿਗੇਡ ਅਤੇ ਬਖਤਰਬੰਦ ਯੂਨਿਟ ਹਨ। ਜਨਵਰੀ 2016 ‘ਚ ਪਠਾਨਕੋਟ ਏਅਰਫੋਰਸ ਸਟੇਸ਼ਨ ‘ਤੇ ਅੱਤਵਾਦੀ ਹਮਲਾ ਹੋਇਆ ਸੀ। ਪਠਾਨਕੋਟ ਏਅਰਫੋਰਸ ਸਟੇਸ਼ਨ ‘ਤੇ ਭਾਰੀ ਮਾਤਰਾ ਵਿਚ ਗੋਲਾ-ਬਾਰੂਦ ਨਾਲ ਲੈਸ ਅੱਤਵਾਦੀਆਂ ਨੇ ਹਮਲਾ ਕੀਤਾ ਸੀ। ਇਸ ਹਮਲੇ ‘ਚ 5 ਅੱਤਵਾਦੀ ਮਾਰੇ ਗਏ, ਜਦਕਿ ਫੌਜ ਦੇ 8 ਜਵਾਨ ਸ਼ਹੀਦ ਹੋ ਗਏ ਸਨ।