Indian PoliticsLudhiana NewsNationNewsPunjab newsReligious NewsWorld

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ

ਭਾਰਤੀ ਸੰਸਕ੍ਰਿਤੀ ਵਿੱਚ ਅਧਿਆਤਮਿਕ ਗੁਰੂ ਨੂੰ ਮਹੱਤਵਪੂਰਨ ਸਥਾਨ ਦਿੱਤਾ ਗਿਆ ਹੈ। ਸਾਰੇ ਧਰਮਾਂ ਵਿੱਚ ਵੀ ਪੂਰਨ ਗੁਰੂ ਨੂੰ ਹੀ ਰੱਬ ਦੇ ਬਰਾਬਰ ਮੰਨਿਆ ਗਿਆ ਹੈ। ਅੱਜ ਪੂਰੀ ਦੁਨੀਆ ਵਿੱਚ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਉਹਨਾਂ ਵਰਗੇ ਪੂਰਨ ਗੁਰੂ ਸਾਡੀਆਂ ਰੂਹਾਂ ਨੂੰ ਪਿਤਾ-ਪਰਮਾਤਮਾ ਨਾਲ ਜੋੜਨ ਲਈ ਸ੍ਰਿਸ਼ਟੀ ਦੇ ਮੁੱਢ ਤੋਂ ਹੀ ਇਸ ਧਰਤੀ ਉੱਤੇ ਆਉਂਦੇ ਰਹੇ ਹਨ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਨਮ ਕਾਰਤਿਕ ਮਹੀਨੇ ਦੀ ਪੂਰਨਮਾਸ਼ੀ ਨੂੰ ਸੰਨ 1469 ਵਿੱਚ ਤਲਵੰਡੀ ਸ਼ਹਿਰ (ਪਾਕਿਸਤਾਨ) ਵਿੱਚ ਹੋਇਆ ਸੀ।

ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕੇਵਲ ਸਿੱਖਾਂ ਲਈ ਹੀ ਨਹੀਂ ਸਨ, ਸਗੋਂ ਉਹ ਸਮੁੱਚੀ ਮਨੁੱਖ ਜਾਤੀ ਲਈ ਸਨ ਕਿਉਂਕਿ ਉਨ੍ਹਾਂ ਲਈ ਸਾਰੀ ਮਨੁੱਖ ਜਾਤੀ ਇੱਕ ਸੀ। ਅਜਿਹੇ ਮਹਾਪੁਰਸ਼ ਰੋਸ਼ਨੀ ਦੀ ਕਿਰਨ ਬਣ ਕੇ ਇਸ ਧਰਤੀ ‘ਤੇ ਆਉਂਦੇ ਹਨ ਅਤੇ 84 ਲੱਖ ਜੀਅ ਜੂਨਾਂ ‘ਚ ਫਸੀਆਂ ਰੂਹਾਂ ਨੂੰ ਆਪਣੇ ਆਤਮਿਕ ਪ੍ਰਕਾਸ਼ ਨਾਲ ਪਿਤਾ-ਪਰਮਾਤਮਾ  ਨਾਲ ਜੋੜਦੇ ਹਨ। ਉਹਨਾਂ ਦੀਆਂ ਮੁੱਖ ਸਿੱਖਿਆਵਾਂ “ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ” ਹਨ। ਜਿਸ ਦਾ ਭਾਵ ਹੈ ਕਿ ਮਨੁੱਖ ਆਪਣੀ ਮਿਹਨਤ ਦੀ ਕਮਾਈ ਕਰਦਿਆਂ ਪ੍ਰਭੂ ਦੀ ਭਗਤੀ ਕਰੇ ਅਤੇ ਸਭ ਨਾਲ ਵੰਡ ਕੇ ਖਾਵੇ।

ਗੁਰਬਾਣੀ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸੰਸਾਰ ਬਾਰੇ ਕਹਿੰਦੇ ਹਨ, “ਨਾਨਕ ਦੁਖੀਆ ਸਭ ਸੰਸਾਰ” ਕਿ ਇਸ ਸੰਸਾਰ ਵਿੱਚ ਹਰ ਮਨੁੱਖ ਦੁੱਖਾਂ ਵਿੱਚ ਘਿਰਿਆ ਹੋਇਆ ਹੈ। ਹਰ ਕੋਈ ਇੱਕ ਜਾਂ ਦੂਜੇ ਤੋਂ ਦੁਖੀ ਹੈ। ਹਰ ਕੋਈ ਸੋਚਦਾ ਹੈ ਕਿ ਮੈਂ ਸਭ ਤੋਂ ਵੱਧ ਦੁਖੀ ਹਾਂ। ਜੇਕਰ ਦੇਖਿਆ ਜਾਵੇ ਤਾਂ ਜਦੋਂ ਮੁਸੀਬਤ ਆਉਂਦੀ ਹੈ ਤਾਂ ਹੀ ਅਸੀਂ ਪਰਮਾਤਮਾ ਨੂੰ ਯਾਦ ਕਰਦੇ ਹਾਂ ਅਤੇ ਜਦੋਂ ਸਭ ਕੁਝ ਠੀਕ ਹੋ ਜਾਂਦਾ ਹੈ ਤਾਂ ਅਸੀਂ ਆਪਣੇ ਕੰਮ ਵਿਚ ਰੁੱਝ ਜਾਂਦੇ ਹਾਂ। ਦੁੱਖ-ਸੁੱਖ ਦਾ ਇਹ ਸਿਲਸਿਲਾ ਸਾਡੇ ਜੀਵਨ ਵਿੱਚ ਚਲਦਾ ਰਹਿੰਦਾ ਹੈ। ਤਾਂ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਅਸੀਂ ਸਦੀਵੀ ਸੁਖ ਕਿਵੇਂ ਪ੍ਰਾਪਤ ਕਰ ਸਕਦੇ ਹਾਂ? ਇਸ ਸੰਬੰਧੀ ਪਰਮ ਸੰਤ  ਕਿਰਪਾਲ ਸਿੰਘ ਜੀ ਮਹਾਰਾਜ ਅਕਸਰ ਕਿਹਾ ਕਰਦੇ ਸਨ ਕਿ “ਸੋ ਸੁਖੀਆ ਜੋ ਨਾਮ ਆਧਾਰ”। ਭਾਵ, ਜੋ ਮਨੁੱਖ ਪਿਤਾ-ਪਰਮਾਤਮਾ ਦੇ ਨਾਮ ਨਾਲ ਜੁੜਦਾ ਹੈ, ਉਹ ਸੁਖੀ ਰਹਿੰਦਾ ਹੈ। ਨਾਮ ਨਾਲ ਜੁੜਨ ਲਈ, ਸਾਨੂੰ ਇੱਕ ਪੂਰਨ ਗੁਰੂ ਦੀ ਸ਼ਰਨ ਲੈਣੀ ਪੈਂਦੀ ਹੈ, ਜੋ ਆਪਣੀ ਦਇਆ ਦੁਆਰਾ ਸਾਨੂੰ ਪ੍ਰਭੂ ਦੀ ਜੋਤੀ ਅਤੇ ਧੁਨੀ ਨਾਲ ਜੋੜਦਾ ਹੈ, ਜਿਸ ਨੂੰ ਗੁਰਬਾਣੀ ਵਿੱਚ ‘ਨਾਮ’ ਕਿਹਾ ਗਿਆ ਹੈ ਅਤੇ ਜਿਸ ਦਾ ਅਨੁਭਵ ਅਸੀਂ ਆਪਣੇ ਧਿਆਨ-ਅਭਿਆਸ ਦੁਆਰਾ ਸਕਦੇ ਹਾਂ।

ਸਿਮਰਨ ਦੁਆਰਾ, ਅਸੀਂ ਆਪਣੇ ਆਪ ਨੂੰ ਆਪਣੇ ਅਸਲੀ ਰੂਪ ਵਿੱਚ ਵੇਖਦੇ ਹਾਂ। ਇਹ ਉਹ ਰੂਪ ਹੈ ਜੋ ਭੌਤਿਕ ਨਹੀਂ ਸਗੋਂ ਅਧਿਆਤਮਿਕ ਹੈ। ਉਹ ਆਤਮਾ ਜੋ ਪਿਤਾ-ਪਰਮਾਤਮਾ ਦਾ ਹਿੱਸਾ ਹੈ ਅਤੇ ਉਸ ਦੇ ਪਿਆਰ ਨਾਲ ਭਰਪੂਰ ਹੈ। ਉਹ ਆਤਮਾ ਜੋ ਚੇਤੰਨ ਹੈ, ਅਤੇ ਜੋ ਸਾਨੂੰ ਜੀਵਨ ਦੇ ਰਹੀ ਹੈ। ਜਦੋਂ ਸਾਡੀ ਆਤਮਾ ਪਿਤਾ-ਪਰਮਾਤਮਾ ਦੇ ਪਿਆਰ ਦਾ ਅਨੁਭਵ ਕਰਦੀ ਹੈ, ਇਹ ਹਮੇਸ਼ਾਂ ਪ੍ਰਭੂ -ਪ੍ਰੇਮ ਦੇ ਆਨੰਦ  ਦੀ ਅਵਸਥਾ ਵਿੱਚ ਹੁੰਦੀ ਹੈ।

ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਮੌਜ-ਮਸਤੀ ਵਿਚ ਕਿਹਾ ਹੈ ਕਿ “ਨਾਮ ਖੁਮਾਰੀ ਨਾਨਕਾ, ਚੜ੍ਹਦੀ ਰਹੇ ਦਿਨ ਰਾਤ”। ਨਾਮ ਦਾ ਆਨੰਦ, ਪ੍ਰਭੂ ਦਾ ਅੰਮ੍ਰਿਤ ਜੋ ਸਾਡੇ ਅੰਦਰ ਵੱਗ ਰਿਹਾ ਹੈ, ਜਦੋਂ ਅਸੀਂ ਉਸ ਨੂੰ ਧਿਆਨ -ਅਭਿਆਸ ਦੁਆਰਾ ਆਪਣੇ ਅੰਦਰ ਅਨੁਭਵ ਕਰਦੇ ਹਾਂ, ਤਾਂ ਉਸ ਦਾ ਆਨੰਦ ਦਿਨ-ਰਾਤ ਚੌਵੀ ਘੰਟੇ ਸਾਡੇ ਨਾਲ ਰਹਿੰਦਾ ਹੈ, ਅਤੇ ਜਦੋਂ ਸਾਡੀ ਆਤਮਾ ਉਹ ਅਨੁਭਵ ਕਰਦੀ ਹੈ, ਤਾਂ ਉਹ ਪਰਮ-ਪਿਤਾ ਪਰਮਾਤਮਾ ਨਾਲ ਇੱਕਮਿੱਕ ਹੋ ਜਾਂਦੀ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ “ਏਕ ਪਿਤਾ ਏਕਸ ਕੇ ਹਮ ਬਾਰਿਕ” ਦਾ ਸੰਦੇਸ਼ ਸਾਰੇ ਸੰਸਾਰ ਵਿੱਚ ਫੈਲਾਇਆ। ਉਹਨਾਂ ਦੇ ਉਪਦੇਸ਼ ਅਨੁਸਾਰ ਅਸੀਂ ਸਾਰੇ ਇੱਕੋ ਪਿਤਾ-ਪਰਮਾਤਮਾ ਦੇ ਪਰਿਵਾਰ ਦੇ ਮੈਂਬਰ ਹਾਂ। ਇਸ ਲਈ ਆਓ ਆਪਸ ਵਿੱਚ ਪਿਆਰ ਨਾਲ ਰਹਿ ਕੇ ਇੱਕ ਦੂਜੇ ਦੀ ਮਦਦ ਕਰੀਏ। ਜਦੋਂ ਅਸੀਂ ਅਜਿਹਾ ਜੀਵਨ ਜਿਉਂਦੇ ਹਾਂ ਤਾਂ ਅਸੀਂ ਆਪਣੇ ਅੰਦਰ ਪਰਮਾਤਮਾ ਦੇ ਪਿਆਰ ਨੂੰ ਮਹਿਸੂਸ ਕਰਦੇ ਹਾਂ ਅਤੇ ਅਜਿਹੇ ਮਹਾਨ ਪੁਰਸ਼ ਇਸ ਪ੍ਰਮਾਤਮਾ ਦੇ ਪਿਆਰ ਨੂੰ ਸਾਡੇ ਸਾਰਿਆਂ ਨਾਲ ਸਾਂਝਾ ਕਰਨ ਲਈ ਇਸ ਧਰਤੀ ਤੇ ਆਉਂਦੇ ਹਨ। ਤਾਂ ਜੋ ਸਾਨੂੰ ਜੀਵਨ ਜਿਊਣ ਦਾ ਸਹੀ ਰਸਤਾ ਮਿਲ ਸਕੇ। ਅਜਿਹੇ ਪੂਰਨ ਗੁਰੂ ਸਾਨੂੰ ਸਮਝਾਉਂਦੇ ਹਨ ਕਿ ਅਸੀਂ ਆਪਣੇ ਜੀਵਨ ਦਾ ਅਸਲੀ ਉਦੇਸ਼ ਆਪਣੇ ਆਪ ਨੂੰ ਜਾਣਨਾ ਅਤੇ ਪਰਮਾਤਮਾ ਦੀ ਪ੍ਰਾਪਤੀ ਇਸੇ ਜਨਮ ਵਿੱਚ ਹੀ ਪੂਰਾ ਕਰ ਸਕਦੇ ਹਾਂ।

ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਤਾਂ ਹੀ ਅਸੀਂ ਸਹੀ ਅਰਥਾਂ ਵਿਚ ਮਨਾ ਸਕਦੇ ਹਾਂ, ਜਦੋਂ ਅਸੀਂ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਢਾਲ ਕੇ ਉਨ੍ਹਾਂ ਦੀ ਪਾਲਣਾ ਕਰੀਏ।

Comment here

Verified by MonsterInsights