ਤ੍ਰਿਣਮੂਲ ਕਾਂਗਰਸ ਦੀ ਸਾਂਸਦ ਤੇ ਅਭਿਨੇਤਰੀ ਨੁਸਰਤ ਜਹਾਂ ਅਤੇ ਬਿਜ਼ਨੈੱਸਮੈਨ ਨਿਖਿਲ ਜੈਨ ਦੇ ਵਿਆਹ ਨੂੰ ਕੋਲਕਾਤਾ ਦੀ ਇੱਕ ਅਦਾਲਤ ਨੇ ਗੈਰ-ਕਾਨੂੰਨੀ ਕਰਾਰ ਦਿੱਤਾ ਹੈ। ਨੁਸਰਤ ਜਹਾਂ ਨੇ 2019 ਵਿਚ ਤੁਰਕੀ ਵਿੱਚ ਨਿਖਿਲ ਜੈਨ ਨਾਲ ਵਿਆਹ ਕੀਤਾ। ਪਰ ਵਿਆਹ ਦੇ ਕੁਝ ਦਿਨਾਂ ਬਾਅਦ ਹੀ ਉਨ੍ਹਾਂ ਦੇ ਰਿਸ਼ਤੇ ਵਿੱਚ ਦਰਾਰ ਆ ਗਈ। ਨੁਸਰਤ ਜਹਾਂ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਉਸ ਨੇ ਨਿਖਿਲ ਜੈਨ ਨਾਲ ਕਦੇ ਵਿਆਹ ਨਹੀਂ ਕੀਤਾ ਸੀ।
ਨੁਸਰਤ ਜਹਾਂ ਜਿਥੇ ਮੁਸਲਿਮ ਹੈ ਤੇ ਨਿਖਿਲ ਜੈਨ ਹਿੰਦੂ ਇਸ ਲਈ ਦੋਵਾਂ ਨੂੰ ਸਿਵਲ ਮੈਰਿਜ ਐਕਟ ਤਹਿਤ ਵਿਆਹ ਰਜਿਸਟਰ ਕਰਾਉਣਾ ਸੀ ਜੋ ਉਨ੍ਹਾਂ ਨੇ ਨਹੀਂ ਕੀਤਾ ਸੀ, ਇਸ ਲਈ ਅਦਾਲਤ ਨੇ ਉਨ੍ਹਾਂ ਦੇ ਵਿਆਹ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ। ਨੁਸਰਤ ਜਹਾਂ ਬਸ਼ੀਰਹਾਟ ਸੰਸਦੀ ਸੀਟ ਤੋਂ ਟੀਐਮਸੀ ਦੀ ਸੰਸਦ ਮੈਂਬਰ ਹੈ। ਉਸ ਨੇ ਨਿਖਿਲ ਜੈਨ ਨਾਲ ਆਪਣੇ ਵਿਆਹ ਤੋਂ ਬਾਅਦ ਕੋਲਕਾਤਾ ਵਿੱਚ ਇੱਕ ਪਾਰਟੀ ਵੀ ਦਿੱਤੀ, ਜਿਸ ਵਿੱਚ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਸ਼ਾਮਲ ਹੋਈ ਸੀ।
ਨਿਖਿਲ ਜੈਨ ਨਾਲ ਵਿਆਹ ਕਰਨ ਤੋਂ ਬਾਅਦ ਨੁਸਰਤ ਜਹਾਂ ਨੇ ਸੋਸ਼ਲ ਮੀਡੀਆ ‘ਤੇ ਕਈ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਪਰ ਕੁਝ ਦਿਨਾਂ ਬਾਅਦ ਹੀ ਦੋਹਾਂ ਵਿਚਾਲੇ ਦਰਾਰ ਦੀਆਂ ਖਬਰਾਂ ਆਉਣ ਲੱਗੀਆਂ। ਕੁਝ ਮਹੀਨੇ ਪਹਿਲਾਂ ਨੁਸਰਤ ਜਹਾਂ ਮਾਂ ਬਣੀ ਸੀ, ਉਸ ਸਮੇਂ ਨਿਖਿਲ ਜੈਨ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਸੀ, ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਉਹ ਇਸ ਬੱਚੇ ਦੇ ਪਿਤਾ ਨਹੀਂ ਹਨ। ਇਸ ਦੌਰਾਨ ਨੁਸਰਤ ਜਹਾਂ ਅਤੇ ਉਸ ਦੇ ਕੋ-ਸਟਾਰ ਯਸ਼ ਦਾਸਗੁਪਤਾ ਵਿਚਾਲੇ ਨੇੜਤਾ ਕਾਫੀ ਵਧ ਗਈ ਹੈ ਅਤੇ ਉਹ ਨੁਸਰਤ ਅਤੇ ਬੱਚੇ ਦਾ ਬਹੁਤ ਖਿਆਲ ਰੱਖਦੇ ਦੇਖੇ ਗਏ ਹਨ।