Site icon SMZ NEWS

ਜੰਮੂ-ਕਸ਼ਮੀਰ ‘ਚ ਸਿੱਖ ਭਾਈਚਾਰੇ ਨੇ ਗੁਰਪੁਰਬ ਮੌਕੇ ਮਹਾਨ ‘ਨਗਰ ਕੀਰਤਨ’ ਕੀਤੇ ਸ਼ੁਰੂ

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਸਿੱਖ ਭਾਈਚਾਰੇ ਨੇ ਸੋਮਵਾਰ ਨੂੰ ਪੂਰੇ ਧਾਰਮਿਕ ਉਤਸ਼ਾਹ ਨਾਲ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ। ਇਹ ਨਗਰ ਕੀਰਤਨ ਬਰਥਾਣਾ ਵਿੱਚ ਰੰਗਰੇਟਾ ਤੋਂ ਗੁਰਦੁਆਰਾ ਗੁਰੂ ਤੇਗ ਬਹਾਦਰ ਜੀ ਤੱਕ ਸਜਾਇਆ ਗਿਆ।

ਆਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਬਲਦੇਵ ਸਿੰਘ ਨੇ ਕਿਹਾ, “ਅਸੀਂ 19 ਨਵੰਬਰ ਨੂੰ ਬਾਬੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਤਿੰਨ ਵੱਡੇ ਸਮਾਗਮ ਬਾਰਾਮੂਲਾ, ਸ੍ਰੀਨਗਰ ਅਤੇ ਮੱਟਨ ਸਿੰਘ ਸਾਹਿਬ ਵਿੱਚ ਕਰਵਾਏ ਜਾਣਗੇ।

ਉਨ੍ਹਾਂ ਕਿਹਾ ਕਿ ਅਸੀਂ 5 ਦਸੰਬਰ ਨੂੰ ਸ਼੍ਰੀਨਗਰ ਵਿੱਚ ਇੱਕ ਵੱਡੇ ਸਮਾਗਮ ਦਾ ਆਯੋਜਨ ਵੀ ਕਰ ਰਹੇ ਹਾਂ ਜਿੱਥੇ ਸਾਰੇ ਭਾਈਚਾਰਿਆਂ ਦੇ ਸਾਰੇ ਧਾਰਮਿਕ ਆਗੂ ਆਉਣਗੇ। ਅਸੀਂ ਪੂਰੇ ਜੰਮੂ-ਕਸ਼ਮੀਰ ਤੋਂ ਹਜ਼ਾਰਾਂ ਸ਼ਰਧਾਲੂਆਂ ਨੂੰ ਮਹਾਨ ਗੁਰੂ ਦਾ ਅਸ਼ੀਰਵਾਦ ਲੈਣ ਲਈ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦੇ ਹਾਂ।

ਹਰ ਸਾਲ ਗੁਰਪੁਰਬ ਮੌਕੇ ਵੱਡੀ ਗਿਣਤੀ ਵਿਚ ਸਿੱਖ ਸ਼ਰਧਾਲੂ ਪਾਕਿਸਤਾਨ ਦੇ ਨਨਕਾਣਾ ਸਾਹਿਬ ਵਿਖੇ ਦਰਸ਼ਨਾਂ ਲਈ ਜਾਂਦੇ ਹਨ। 19 ਨਵੰਬਰ ਨੂੰ ਪ੍ਰਕਾਸ਼ ਪੁਰਬ ਮੌਕੇ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਲਾਂਘਾ ਵੀ ਖੋਲ੍ਹਿਆ ਜਾ ਸਕਦਾ ਹੈ। ਪਿਛਲੇ ਕਾਫੀ ਲੰਮੇ ਸਮੇਂ ਤੋਂ ਲਾਂਘਾ ਖੋਲ੍ਹਣ ਦੀ ਮੰਗ ਕੀਤੀ ਜਾ ਰਹੀ ਸੀ ਤੇ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਲਾਂਘੇ ਨੂੰ ਖੋਲ੍ਹਣ ਦਾ ਭਰੋਸਾ ਦਿੱਤਾ ਗਿਆ ਹੈ।

Exit mobile version