ਐਕਟ੍ਰੈਸ ਕੰਗਨਾ ਰਣੌਤ ਨੇ ਭਾਰਤ ਦੀ ਆਜ਼ਾਦੀ ਨੂੰ ਲੈ ਕੇ ਆਪਣੇ ਬਿਆਨ ‘ਤੇ ਵਿਵਾਦ ਪੈਦਾ ਕਰਨ ਵਾਲਿਆਂ ‘ਤੇ ਇਕ ਵਾਰ ਫਿਰ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਲੰਬੀ ਪੋਸਟ ਸ਼ੇਅਰ ਕਰਕੇ ਦੱਸਿਆ ਹੈ ਕਿ ਉਹ ਆਪਣੀ ਗੱਲ ‘ਤੇ ਕਿਉਂ ਖੜ੍ਹੇ ਹਨ।
ਉਨ੍ਹਾਂ ਕਿਹਾ ਕਿ ਭਾਰਤ ਵਿੱਚ ਅੰਗਰੇਜ਼ਾਂ ਨੂੰ ਉਨ੍ਹਾਂ ਦੇ ‘ਅਣਗਿਣਤ ਅਪਰਾਧਾਂ’ ਲਈ ਜ਼ਿੰਮੇਵਾਰ ਨਾ ਠਹਿਰਾਉਣਾ ਸਾਡੇ ਆਜ਼ਾਦੀ ਘੁਲਾਟੀਆਂ ਦਾ ਅਪਮਾਨ ਹੈ। ਕੰਗਨਾ ਨੇ ਕਾਂਗਰਸ ਨੂੰ ਸਵਾਲ ਕੀਤਾ ਕਿ ਦੂਜੇ ਵਿਸ਼ਵ ਯੁੱਧ ਵਿੱਚ ਬ੍ਰਿਟਿਸ਼ ਪ੍ਰਧਾਨ ਮੰਤਰੀ ਰਹੇ ਵਿੰਸਟਨ ਚਰਚਿਲ ਉੱਤੇ ਭਾਰਤ ਵਿੱਚ ਕਦੇ ਵੀ ਮੁਕੱਦਮਾ ਕਿਉਂ ਨਹੀਂ ਚਲਾਇਆ ਗਿਆ।
ਕੰਗਣਾ ਨੇ ਕਿਹਾ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਅੰਗਰੇਜ਼ਾਂ ਨੇ ਆਪਣੀ ਸਹੂਲਤ ਕਾਰਨ ਭਾਰਤ ਛੱਡ ਦਿੱਤਾ ਸੀ। ਵਿੰਸਟਨ ਚਰਚਿਲ ਨੂੰ ਯੁੱਧ ਦੇ ਹੀਰੋ ਦੇ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਹ ਉਹੀ ਵਿਅਕਤੀ ਸੀ ਜੋ ਬੰਗਾਲ ‘ਚ ਭੁੱਖਮਰੀ ਤੇ ਅਕਾਲ ਲਈ ਜ਼ਿੰਮੇਵਾਰ ਸੀ।
ਸਿਰਿਲ ਰੈਡਕਲਿਫ ਇੱਕ ਗੋਰਾ (ਅੰਗਰੇਜ਼ ਆਦਮੀ) ਜੋ ਕਦੇ ਭਾਰਤ ਨਹੀਂ ਗਿਆ ਸੀ। ਉਸ ਨੂੰ ਦੇਸ਼ ਦੀ ਵੰਡ ਤੋਂ ਪੰਜ ਹਫ਼ਤੇ ਪਹਿਲਾਂ ਹੀ ਭਾਰਤ ਲਿਆਂਦਾ ਗਿਆ ਸੀ। ਵੰਡ ਦੀਆਂ ਸ਼ਰਤਾਂ ਅੰਗਰੇਜ਼ਾਂ ਨੇ ਤੈਅ ਕੀਤੀਆਂ ਸਨ, ਉਸ ਕਮੇਟੀ ਵਿਚ ਕਾਂਗਰਸ ਅਤੇ ਮੁਸਲਿਮ ਲੀਗ ਦੋਵਾਂ ਦੇ ਮੈਂਬਰ ਸਨ। ਵੰਡ ਵੇਲੇ ਤਕਰੀਬਨ 10 ਲੱਖ ਲੋਕ ਮਾਰੇ ਗਏ ਸਨ। ਕੀ ਉਨ੍ਹਾਂ ਦੰਗਿਆਂ ਵਿੱਚ ਮਰਨ ਵਾਲਿਆਂ ਨੂੰ ਆਜ਼ਾਦੀ ਮਿਲੀ ਸੀ? ਵੰਡ ਦੀ ਲਕੀਰ ਖਿੱਚਣ ਵਾਲੇ ਕਤਲੇਆਮ ਲਈ ਕੀ ਅੰਗਰੇਜ਼ ਜਾਂ ਕਾਂਗਰਸ ਜ਼ਿੰਮੇਵਾਰ ਨਹੀਂ ਸਨ?