Site icon SMZ NEWS

ਕੈਨੇਡਾ ਪੜ੍ਹਣ ਗਏ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਭੇਦਭਰੇ ਹਲਾਤਾਂ ‘ਚ ਮੌਤ, ਮਾਪਿਆਂ ਦਾ ਰੋ-ਰੋ ਬੁਰਾ ਹਾਲ

ਕੈਨੇਡਾ ਵਿੱਚ ਪੜ੍ਹਾਈ ਕਰਨ ਗਏ ਤਰਨਤਾਰਨ ਦੇ ਨੌਜਵਾਨ ਦੀ ਭੇਤਭਰੇ ਹਾਲਾਤਾਂ ਵਿੱਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਪਰਮਿੰਦਰ ਸਿੰਘ ਪ੍ਰਿੰਸ ਪੁੱਤਰ ਬਲਵਿੰਦਰ ਸਿੰਘ ਵਾਸੀ ਕਸਬਾ ਫਤੀਆਬਾਦ ਦੀ ਉਮਰ 24 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ।

ਜਵਾਨ ਪੁੱਤਰ ਦੀ ਮੌਤ ਦੀ ਖ਼ਬਰ ਸੁਣ ਕੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਰਿਹਾ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਕੈਨੇਡਾ ਪੁਲਿਸ ਵੱਲੋਂ ਫੋਨ ਕਰਕੇ ਸੂਚਨਾ ਦਿੱਤੀ ਗਈ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਬੰਦ ਕਮਰੇ ਵਿੱਚੋਂ ਲਾਸ਼ ਮਿਲੀ ਹੈ।

ਉਨ੍ਹਾਂ ਕਿਹਾ ਕਿ ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਲੱਗ ਸਕੇਗਾ। ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਲੱਗਭਗ ਤਿੰਨ ਸਾਲ ਪਹਿਲਾਂ ਕੈਨੇਡਾ ਗਿਆ ਸੀ ਅਤੇ ਉਥੇ ਕੈਨੇਡਾ ਵਿਖੇ ਸਰੀ ਸ਼ਹਿਰ ਵਿਚ ਰਹਿੰਦਾ ਸੀ।

ਪੀੜਤ ਪਰਿਵਾਰ ਵੱਲੋਂ ਭਾਰਤ ਅਤੇ ਕੈਨੇਡਾ ਸਰਕਾਰ ਪਾਸੋਂ ਮੰਗ ਕੀਤੀ ਗਈ ਕਿ ਜਾਂ ਤਾਂ ਉਨ੍ਹਾਂ ਦੇ ਬੇਟੇ ਦੀ ਲਾਸ਼ ਨੂੰ ਭਾਰਤ ਉਨ੍ਹਾਂ ਕੋਲ ਭੇਜਿਆ ਜਾਵੇ ਅਤੇ ਜਾਂ ਕੈਨੇਡਾ ਸਰਕਾਰ ਮ੍ਰਿਤਕ ਦੇ ਮਾਂ-ਬਾਪ ਨੂੰ ਕੈਨੇਡਾ ਜਾਣ ਲਈ ਵੀਜ਼ਾ ਦੇਵੇ ਤਾਂ ਜੋ ਮ੍ਰਿਤਕ ਨੌਜਵਾਨ ਦੇ ਮਾਤਾ-ਪਿਤਾ ਆਪਣੇ ਪੁੱਤਰ ਨੂੰ ਅੰਤਿਮ ਵਿਦਾਈ ਦੇ ਸਕਣ। ਦੱਸ ਦੇਈਏ ਕਿ ਮ੍ਰਿਤਕ ਆਪਣੇ ਮਾਤਾ-ਪਿਤਾ ਤੋਂ ਇਲਾਵਾ ਦੋ ਭੈਣਾਂ ਨੂੰ ਛੱਡ ਗਿਆ ਹੈ।

Exit mobile version