ਨਿਊਜ਼ੀਲੈਂਡ ਖਿਲਾਫ ਹੋਣ ਵਾਲੀ ਘਰੇਲੂ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਅਗਲੇ ਕੁਝ ਦਿਨਾਂ ‘ਚ ਕੀਤਾ ਜਾ ਸਕਦਾ ਹੈ। ਚੇਤਨ ਸ਼ਰਮਾ ਦੀ ਅਗਵਾਈ ‘ਚ ਸਿਲੈਕਟਰਸ ਦੀ ਸਭ ਤੋਂ ਵੱਡੀ ਸਿਰ-ਖਪਾਈ ਟੀ-20 ਕਪਤਾਨ ਦੀ ਚੋਣ ਨੂੰ ਲੈ ਕੇ ਹੋਵੇਗਾ।
ਮਹੱਤਵਪੂਰਨ ਗੱਲ ਇਹ ਹੈ ਕਿ ਮੌਜੂਦਾ ਕਪਤਾਨ ਵਿਰਾਟ ਕੋਹਲੀ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਯੂਏਈ ਵਿੱਚ ਚੱਲ ਰਹੇ ਟੀ-20 ਵਿਸ਼ਵ ਕੱਪ ਤੋਂ ਬਾਅਦ ਉਹ ਇਸ ਛੋਟੇ ਫਾਰਮੈਟ ਦੀ ਕਪਤਾਨੀ ਛੱਡ ਦੇਣਗੇ।
ਇੱਕ ਰਿਪੋਰਟ ਮੁਤਾਬਕ ਮੌਜੂਦਾ ਉਪ-ਕਪਤਾਨ ਰੋਹਿਤ ਸ਼ਰਮਾ ਟੀ-20 ‘ਚ ਕਪਤਾਨ ਬਣਨ ਦਾ ਮੁੱਖ ਦਾਅਵੇਦਾਰ ਹੈ। ਪਰ ਇਹ ਵੀ ਸੰਭਾਵਨਾ ਹੈ ਕਿ ਨਿਊਜ਼ੀਲੈਂਡ ਦੇ ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਲਈ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਜਾ ਸਕਦਾ ਹੈ ਕਿਉਂਕਿ ਭਾਰਤੀ ਖਿਡਾਰੀ ਅਪ੍ਰੈਲ ਮਹੀਨੇ ਤੋਂ ਲਗਾਤਾਰ ਕ੍ਰਿਕਟ ਖੇਡ ਰਹੇ ਹਨ।
ਕੋਹਲੀ ਦੇ ਸਿਰਫ ਟੀ-20 ਫਾਰਮੈਟ ਦੀ ਕਪਤਾਨੀ ਛੱਡਣ ਦੇ ਨਾਲ ਸਿਲੈਕਟਰਸ ਵ੍ਹਾਈਟ-ਬਾਲ ਫਾਰਮੈਟ ਲਈ ਸਿਰਫ ਇੱਕ ਕਪਤਾਨ ਬਣਾਉਣ ‘ਤੇ ਵੀ ਵਿਚਾਰ ਕਰ ਸਕਦੇ ਹਨ। ਮੁੱਖ ਸਿਲੈਕਟਰ ਚੇਤਨ ਸ਼ਰਮਾ ਅਤੇ ਉਨ੍ਹਾਂ ਦੇ ਸਾਥੀ ਚੋਣਕਾਰ ਅਬੇ ਕੁਰੂਵਿਲਾ ਦੁਬਈ ਵਿੱਚ ਹਨ, ਜਦਕਿ ਬਾਕੀ ਸਿਲੈਕਟਰਸ ਇਸ ਸਮੇਂ ਭਾਰਤ ਵਿੱਚ ਹਨ।