BlogEntertainmentIndian PoliticsLudhiana NewsNationNewsPunjab newsWorld

ਨਰਮੇ ਦਾ ਤਾਂ ਧੇਲਾ ਵੀ ਮੁਆਵਜ਼ਾ ਨਹੀਂ ਦਿੱਤਾ CM ਨੇ, ਹੁਣ ਬਾਸਮਤੀ ਦਾ ਤਾਂ ਦਿਓ : ਮਜੀਠੀਆ

ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੰਗ ਕੀਤੀ ਕਿ ਮਾਝਾ ਇਲਾਕੇ ਵਿਚ ਉਹਨਾਂ ਬਾਸਮਤੀ ਉਤਪਾਦਕਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਜਿਹਨਾਂ ਦੀ ਹਜ਼ਾਰਾਂ ਏਕੜ ਫਸਲ ਪਿਛਲੇ ਦਿਨੀਂ ਗੜ੍ਹੇਮਾਰੀ ਕਾਰਨ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ।

CM has not even compensated
CM has not even compensated

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਇਕ ਦਰਜਨ ਤੋਂ ਵੱਧ ਪਿੰਡਾਂ ਵਿਚ ਬਾਸਮਤੀ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ ਪਰ ਹਾਲੇ ਤੱਕ ਸਰਕਾਰ ਨੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਕੋਈ ਕਾਰਵਾਈ ਨਹੀਂ ਕੀਤੀ। ਉਹਨਾਂ ਕਿਹਾ ਕਿ ਅਜਿਹਾ ਇਸ ਕਰ ਕੇ ਹੋਇਆ ਹੈ ਕਿਉਂਕਿ ਮਾਝਾ ਇਲਾਕੇ ਦੇ ਕਾਂਗਰਸੀ ਪਾਰਟੀ ਦੀਆਂ ਅੰਦਰੂਨੀ ਲੜਾਈ ਵਿਚ ਰੁੱਝੇ ਹਨ ਤੇ ਖੇਤਰ ਤੋਂ ਦੋ ਡਿਪਟੀ ਮੁੱਖ ਮੰਤਰੀਆਂ ਸਮੇਤ ਛੇ ਮੰਤਰੀ ਹੋਣ ਦੇ ਬਾਵਜੂਦ ਕਿਸਾਨ ਮੁਸ਼ਕਿਲਾਂ ਝੱਲ ਰਹੇ ਹਨ।

ਉਹਨਾਂ ਕਿਹਾ ਕਿ ਬਾਸਮਤੀ ਉਤਪਾਦਕਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਮਿਲਣਾ ਚਾਹੀਦਾ ਹੈ ਅਤੇ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਜ਼ਮੀਨ ਮਾਲਕਾਂ ਦੇ ਨਾਲ-ਨਾਲ ਜ਼ਮੀਨ ਠੇਕੇ ’ਤੇ ਲੈਣ ਵਾਲਿਆਂ ਨੂੰ ਵੀ ਮੁਆਵਜ਼ਾ ਮਿਲੇ।

ਸ. ਮਜੀਠੀਆ ਨੇ ਕਿਹਾ ਕਿ ਬਾਸਮਤੀ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ ਕਿਉਂਕਿ ਉਹ ਪੱਕ ਗਈ ਸੀ ਤੇ ਵਾਢੀ ਵਾਸਤੇ ਤਿਆਰ ਸੀ। ਉਹਨਾਂ ਕਿਹਾ ਕਿ ਇਸ ਕਾਰਨ ਗੜ੍ਹੇਮਾਰੀ ਨਾਲ ਦਾਣਾ ਟੁੱਟ ਕੇ ਹੇਠਾਂ ਡਿੱਗ ਪਿਆ ਤੇ ਵਾਢੀ ਵਾਸਤੇ ਕੁਝ ਵੀ ਬਾਕੀ ਨਹੀਂ ਰਹਿ ਗਿਆ।

ਉਹਨਾਂ ਨੇ ਮੰਗ ਕੀਤੀ ਕਿ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਮਹਿੰਗੇ ਭਾਅ ਜ਼ਮੀਨ ਠੇਕੇ ’ਤੇ ਲੈਣ ਅਤੇ ਡੀਜ਼ਲ ਸਮੇਤ ਖੇਤੀ ਲਾਗਤ ਵੱਧ ਹੋਣ ਕਾਰਨ ਬਹੁਤ ਦਬਾਅ ਹੇਠ ਹੈ। ਇਸ ਸਾਲ ਡੀਏਪੀ ਖਾਦ ਦੀ ਕਾਲਾਬਾਜ਼ਾਰੀ ਕਾਰਨ ਮੁਸ਼ਕਿਲਾਂ ਹੋਰ ਵੱਧ ਗਈਆਂ ਹਨ।

ਮਜੀਠੀਆ ਨੇ ਕਿਹਾ ਕਿ ਕਿਸਾਨਾਂ ਨੂੰ ਬੇਪਰਵਾਹ ਸਰਕਾਰ ਦੇ ਖੋਖਲੇ ਵਾਅਦਿਆਂ ਕਾਰਨ ਵੀ ਮੁਸ਼ਕਿਲਾਂ ਝੱਲਣੀਆਂ ਪਈਆਂ ਹਨ। ਉਹਨਾਂ ਕਿਹਾ ਕਿ ਜਿਹੜੇ ਕਿਸਾਨਾਂ ਦੀ ਸਫਲ ਪਹਿਲਾਂ ਤਬਾਹ ਹੋ ਗਈ ਸੀ, ਉਹਨਾਂ ਨੂੰ ਗਿਰਦਾਵਰੀ ਹੋਣ ਤੋਂ ਬਾਅਦ ਵੀ ਮੁਆਵਜ਼ਾ ਨਹੀਂ ਮਿਲਿਆ। ਉਹਨਾਂ ਕਿਹਾ ਕਿ ਜਿਹੜੇ ਕਿਸਾਨਾਂ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਨਰਮੇ ਦੀ ਫਸਲ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਤਬਾਹ ਹੋਣ ’ਤੇ ਨਿੱਜੀ ਤੌਰ ’ਤੇ ਹੌਂਸਲਾ ਦੁਆਇਆ ਸੀ, ਉਹਨਾਂ ਨੂੰ ਵੀ ਮੁਆਵਜ਼ੇ ਦਾ ਇੱਕ ਧੇਲਾ ਵੀ ਨਹੀਂ ਮਿਲਿਆ।

ਅਕਾਲੀ ਆਗੂ ਨੇ ਕਿਹਾ ਕਿ ਕਾਂਗਰਸ ਦੇ ਰਾਜਕਾਲ ਵਿਚ ਲੋਕਾਂ ਦੇ ਮੁੱਦੇ ਪਿੱਛੇ ਕਰ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੇਸ਼ ਕੀਤੀ ਉਦਾਹਰਣ ਅਨੁਸਾਰ ਚੱਲਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜਦੋਂ ਬੀਤੇ ਸਮੇਂ ਵਿਚ ਕੀਟ-ਪਤੰਗਾਂ ਦੇ ਹਮਲੇ ਕਾਰਨ ਨਰਮੇ ਦੀ ਫਸਲ ਤਬਾਹ ਹੁੰਦੀ ਸੀ ਤਾਂ ਉਦੋਂ ਅਕਾਲੀ ਦਲ ਦੀ ਅਗਵਾਈ ਵਾਲੀਆਂ ਸਰਕਾਰਾਂ ਵੱਲੋਂ ਕਿਸਾਨਾਂ ਦੇ ਨਾਲ-ਨਾਲ ਖੇਤ ਮਜ਼ਦੂਰਾਂ ਨੂੰ ਵੀ ਮੁਆਵਜ਼ਾ ਦਿੱਤਾ ਗਿਆ। ਉਹਨਾਂ ਕਿਹਾ ਕਿ ਹੁਣ ਵੀ ਉਹਨਾਂ ਖੇਤ ਮਜ਼ਦੂਰਾਂ ਨੁੰ ਮੁਆਵਜ਼ਾ ਮਿਲਣਾ ਚਾਹੀਦਾ ਹੈ ਜਿਹਨਾਂ ਨੇ ਨਰਮੇ ਦੀ ਫਸਲ ਤਬਾਹ ਹੋਣ ਕਾਰਨ ਆਪਣਾ ਰੋਜ਼ਗਾਰ ਗੁਆ ਲਿਆ ਹੈ।

ਸਰਦਾਰ ਮਜੀਠੀਆ ਨੇ ਕਿਹਾ ਕਿ ਕਿਸਾਨਾਂ ਨੂੰ ਮੌਜੂਦਾ ਸਰਕਾਰ ਵਿਚ ਆਪਣਾ ਬਣਦਾ ਹੱਕ ਨਹੀਂ ਮਿਲ ਰਿਹਾ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਪੂਰਨ ਕਰਜ਼ਾ ਮੁਆਫੀ ਦਾ ਵਾਅਦਾ ਲਾਗੂ ਕਰਨ ਵਿਚ ਫੇਲ੍ਹ ਹੋ ਗਈ ਹੈ। ਉਹਨਾਂ ਕਿਹਾ ਕਿ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਵੀ ਕੀਤੇ ਵਾਅਦੇ ਅਨੁਸਾਰ ਮੁਆਵਜ਼ਾ ਜਾਂ ਨੌਕਰੀਆਂ ਨਹੀਂ ਮਿਲੀਆਂ। ਉਹਨਾਂ ਕਿਹਾ ਕਿ ਹੁਣ ਵੀ ਸਰਕਾਰ ਫਸਲ ਦੇ ਨੁਕਸਾਨ ਲਈ ਤੁਰੰਤ ਮੁਆਵਜ਼ਾ ਦੇਣ ਵਿਚ ਨਾਕਾਮ ਹੋਈ ਹੈ ਤੇ ਇਸ ਤੋਂ ਵੱਧ ਕਿਸਾਨ ਵਿਰੋਧ ਕੀ ਹੋ ਸਕਦਾ ਹੈ?

Comment here

Verified by MonsterInsights