ਭਾਰਤੀ ਫੌਜ ਆਪਣੀਆਂ ਸਰਹੱਦਾਂ ਨੂੰ ਦੁਸ਼ਮਣਾਂ ਤੋਂ ਸੁਰੱਖਿਅਤ ਰੱਖਣ ਜਾਂ ਕਿਸੇ ਵੀ ਘੁਸਪੈਠ ਅਤੇ ਹਮਲੇ ਦਾ ਢੁੱਕਵਾਂ ਜਵਾਬ ਦੇਣ ਲਈ ਅਮਰੀਕਾ ਤੋਂ 30 MQ 9A ਪ੍ਰੀਡੇਟਰ ਡਰੋਨ ਹਾਸਲ ਕਰਨ ਜਾ ਰਹੀ ਹੈ। ਸੰਭਵ ਹੈ ਕਿ ਦਸੰਬਰ ‘ਚ ਹੋਣ ਵਾਲੀ ਦੋਹਾਂ ਦੇਸ਼ਾਂ ਵਿਚਾਲੇ ਹੋਣ ਵਾਲੀ ਬੈਠਕ ‘ਚ ਇਸ ਰੱਖਿਆ ਸੌਦੇ ਦਾ ਐਲਾਨ ਹੋ ਸਕਦਾ ਹੈ। ਅਧਿਕਾਰੀਆਂ ਮੁਤਾਬਕ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦਸੰਬਰ ‘ਚ ਵਾਸ਼ਿੰਗਟਨ ‘ਚ ਆਪਣੇ ਹਮਰੁਤਬਾ ਐਂਟਨੀ ਬਲਿੰਕਨ ਅਤੇ ਲੋਇਡ ਆਸਟੀਲ ਨਾਲ ਮੁਲਾਕਾਤ ਕਰਨਗੇ। ਇਸ ਦੁਵੱਲੀ ਗੱਲਬਾਤ ਦੌਰਾਨ ਇਹ ਅਹਿਮ ਐਲਾਨ ਕੀਤਾ ਜਾ ਸਕਦਾ ਹੈ।
ਅਫਗਾਨਿਸਤਾਨ ‘ਤੇ ਤਾਲਿਬਾਨ ਦੇ ਸ਼ਾਸਨ ਅਤੇ ਚੀਨ ਦੇ ਹਮਲਾਵਰ ਰੁਖ ਦੇ ਖਿਲਾਫ ਇੰਡੋ-ਪੈਸੀਫਿਕ ‘ਚ ਵਧ ਰਹੀ ਬੇਚੈਨੀ ਦੇ ਮੱਦੇਨਜ਼ਰ ਪ੍ਰੀਡੇਟਰ ਡਰੋਨ ਦੀ ਪ੍ਰਾਪਤੀ ਮਹੱਤਵਪੂਰਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਬੰਧੀ ਅਮਰੀਕੀ ਅਧਿਕਾਰੀਆਂ ਨਾਲ ਵੀ ਮੁਲਾਕਾਤ ਕਰ ਚੁੱਕੇ ਹਨ। ਹਾਲਾਂਕਿ ਦਸੰਬਰ ‘ਚ ਹੋਣ ਵਾਲੀ ਬੈਠਕ ‘ਚ ਸਰਕਾਰੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੀ ਇਸ ਸਬੰਧ ‘ਚ ਕੁਝ ਕਿਹਾ ਜਾ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਫੌਜ ਦੀਆਂ ਤਿੰਨ ਟੁਕੜੀਆਂ ਨੂੰ 10-10 ਪ੍ਰੀਡੇਟਰ ਡਰੋਨ ਦਿੱਤੇ ਜਾਣਗੇ। ਕਿਉਂਕਿ, ਭਾਰਤੀ ਜਲ ਸੈਨਾ ਪਹਿਲਾਂ ਹੀ ਦੋ ਪ੍ਰੀਡੇਟਰ ਡਰੋਨਾਂ ਦੀ ਵਰਤੋਂ ਕਰ ਰਹੀ ਹੈ। ਇਸ ਲਈ, ਪ੍ਰਾਪਤੀ ਦੀ ਪ੍ਰਕਿਰਿਆ ਭਾਰਤੀ ਹਵਾਈ ਸੈਨਾ ਅਤੇ ਭਾਰਤੀ ਫੌਜ ਦੀ ਨਿਗਰਾਨੀ ਹੇਠ ਪੂਰੀ ਕੀਤੀ ਜਾ ਰਹੀ ਹੈ।