ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ। ਟਰੰਪ ਨੇ ਐਲਾਨ ਕਰਦਿਆਂ ਕਿਹਾ ਕਿ ਉਹ ਜਲਦ ਹੀ ਆਪਣਾ ਸੋਸ਼ਲ ਮੀਡੀਆ ਪਲੇਟਫਾਰਮ ਲਾਂਚ ਕਰਨ ਜਾ ਰਹੇ ਹਨ, ਜਿਸਦਾ ਨਾਮ ‘Truth Social’ ਰੱਖਿਆ ਗਿਆ ਹੈ ।
ਟਰੰਪ ਦਾ ਇਹ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਦੀ ਤਰ੍ਹਾਂ ਹੀ ਹੋਵੇਗਾ, ਜਿਸ ‘ਤੇ ਯੂਜ਼ਰਸ ਆਪਣੇ ਵਿਚਾਰ, ਫੋਟੋਆਂ ਤੇ ਵੀਡਿਓਜ਼ ਆਦਿ ਸਾਂਝੀ ਕਰ ਸਕਣਗੇ। ਦੱਸਿਆ ਜਾ ਰਿਹਾ ਹੈ ਕਿ ਪਲੇਟਫਾਰਮ ਦੀ ਲਾਂਚਿੰਗ ਅਗਲੇ ਮਹੀਨੇ ਤੱਕ ਹੋ ਸਕਦੀ ਹੈ। ਪਰ ਰਾਸ਼ਟਰੀ ਪੱਧਰ ‘ਤੇ ਵਰਤੋਂ ਲਈ ਇਹ ਅਗਲੇ ਸਾਲ ਤੋਂ ਉਪਲਬਧ ਹੋ ਜਾਵੇਗਾ l
ਦਰਅਸਲ, ਟਰੰਪ ਨੇ ਆਪਣੇ ਬਿਆਨ ਵਿੱਚ ਟਵਿੱਟਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਟਰੰਪ ਮੀਡੀਆ ਐਂਡ ਤਕਨਾਲੋਜੀ ਗਰੁੱਪ ਤੇ Truth Social ਐਪ ਨੂੰ ਲਾਂਚ ਕਰਨ ਦਾ ਉਨ੍ਹਾਂ ਦਾ ਟੀਚਾ ਵੱਡਿਆਂ ਕੰਪਨੀਆਂ ਲਈ ਇੱਕ ਵਿਰੋਧੀ ਬਣਾਉਣਾ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ ਬੈਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇੱਕ ਅਜਿਹੀ ਦੁਨੀਆ ਵਿੱਚ ਰਹਿੰਦੇ ਹਾਂ ਜਿੱਥੇ ਤਾਲਿਬਾਨ ਦੀ ਟਵਿੱਟਰ ‘ਤੇ ਵੱਡੀ ਮੌਜੂਦਗੀ ਹੈ, ਫਿਰ ਵੀ ਤੁਹਾਡੇ ਮਨਪਸੰਦ ਅਮਰੀਕੀ ਰਾਸ਼ਟਰਪਤੀ ਨੂੰ ਸ਼ਾਂਤ ਕਰ ਦਿੱਤਾ ਗਿਆ ਹੈ, ਜੋ ਕਿ ਸਵੀਕਾਰਨ ਦੇ ਯੋਗ ਨਹੀਂ ਹੈ।
ਦੱਸ ਦੇਈਏ ਕਿ ਟਵਿੱਟਰ ਤੇ ਫੇਸਬੁੱਕ ਤੋਂ ਬੈਨ ਹੋਣ ਤੋਂ ਬਾਅਦ ਤੋਂ ਹੀ ਟਰੰਪ ਲਗਾਤਾਰ ਆਪਣੀ ਖੁਦ ਦੀ ਸੋਸ਼ਲ ਮੀਡੀਆ ਸਾਈਟ ਲਾਂਚ ਕਰਨ ਬਾਰੇ ਗੱਲ ਕਰ ਰਹੇ ਹਨ। ਲਗਭਗ 9 ਮਹੀਨੇ ਪਹਿਲਾਂ ਸਾਬਕਾ ਰਾਸ਼ਟਰਪਤੀ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਬੈਨ ਕਰ ਦਿੱਤਾ ਗਿਆ ਸੀ। ਸੋਸ਼ਲ ਮੀਡੀਆ ਕੰਪਨੀਆਂ ਵੱਲੋਂ ਵਾਸ਼ਿੰਗਟਨ ਡੀਸੀ ਦੇ ਨੇੜੇ ਕੈਪੀਟਲ ਹਿਲ ਮਾਮਲੇ ਵਿੱਚ ਉਨ੍ਹਾਂ ਦੀ ਭੂਮਿਕਾ ਦੇ ਚੱਲਦਿਆਂ ਇਹ ਕਦਮ ਚੁੱਕਿਆ ਗਿਆ ਸੀ।
Comment here