Site icon SMZ NEWS

ਕੁੰਡਲੀ ਬਾਰਡਰ ‘ਤੇ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰਦਾ ਪੰਜਾਬ ਦਾ ਇੱਕ ਹੋਰ ਅੰਨਦਾਤਾ ਹੋਇਆ ਸ਼ਹੀਦ

ਦਿੱਲੀ ਦੇ ਬਾਰਡਰਾਂ ‘ਤੇ ਖੇਤੀ ਕਾਨੂੰਨਾਂ ਵਿਰੁੱਧ ਪਿਛਲੇ 11 ਮਹੀਨਿਆਂ ਤੋਂ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਇਸੇ ਵਿਚਾਲੇ ਸੋਨੀਪਤ ਦੇ ਕੁੰਡਲੀ ਬਾਰਡਰ ‘ਤੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਜਾਰੀ ਅੰਦੋਲਨ ਵਿੱਚ ਸ਼ਾਮਿਲ ਪੰਜਾਬ ਦਾ ਇੱਕ ਹੋਰ ਕਿਸਾਨ ਸ਼ਹੀਦ ਹੋ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਸ਼ਹੀਦ ਹੋਏ ਕਿਸਾਨ ਦੀ ਪਛਾਣ ਕਰਨੈਲ ਸਿੰਘ ਦੇ ਵਜੋਂ ਹੋਈ ਹੈ, ਜੋ ਪਟਿਆਲਾ ਦੇ ਪਿੰਡ ਰੇਨੋ ਦਾ ਵਸਨੀਕ ਹੈ। ਸ਼ੁਰੂਆਤੀ ਜਾਂਚ ਵਿੱਚ ਮੌਤ ਦਾ ਕਰਨ ਹਾਰਟ ਅਟੈਕ ਦੱਸਿਆ ਜਾ ਰਿਹਾ ਹੈ। ਹਾਲਾਂਕਿ ਪੋਸਟਮਾਰਟਮ ਰਿਪੋਰਟ ਆਉਣ ‘ਤੇ ਹੀ ਮੌਤ ਦੇ ਸਹੀ ਕਾਰਨਾਂ ਦਾ ਪਰ ਲੱਗ ਸਕੇਗਾ। ਫਿਲਹਾਲ ਪੁਲਿਸ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭਿਜਵਾ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਕਰਨੈਲ ਸਿੰਘ ਪਿਛਲੇ ਦੋ ਮਹੀਨਿਆਂ ਤੋਂ ਕਿਸਾਨੀ ਅੰਦੋਲਨ ਦਾ ਹਿੱਸਾ ਸੀ। ਪਿਛਲੇ 3-4 ਦਿਨਾਂ ਤੋਂ ਤਬੀਅਤ ਖਰਾਬ ਹੋਣ ਤੋਂ ਬਾਅਦ ਬੁੱਧਵਾਰ ਅਚਾਨਕ ਉਹ ਬੇਸੁੱਧ ਹੋ ਕੇ ਡਿੱਗ ਗਿਆ। ਜਦੋਂ ਸਾਥੀ ਕਿਸਾਨਾਂ ਵੱਲੋਂ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਕਿਸਾਨਾਂ ਵੱਲੋਂ ਕੇਂਦਰ ਤੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਕਿਸਾਨਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ ਤੇ ਇਸ ਕਿਸਾਨੀ ਅੰਦੋਲਨ ਵਿੱਚ ਹੁਣ ਤੱਕ ਬਹੁਤ ਸਾਰੇ ਕਿਸਾਨਾਂ ਦੀਆਂ ਜਾਨਾਂ ਵੀ ਜਾ ਚੁੱਕੀਆਂ ਹਨ ਪਰ ਮੋਦੀ ਸਰਕਾਰ ਵੱਲੋਂ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ ।

Exit mobile version