ਬੀਤੀ ਰਾਤ ਕੈਨੇਡਾ ਵਿਚ ਸੜਕ ਹਾਦਸੇ ਦੌਰਾਨ ਮੁਕਤਸਰ ਦੀਆਂ 2 ਅਤੇ ਫਰੀਦਕੋਟ ਦੀ ਇੱਕ ਕੁੜੀ ਦੀ ਮੌਤ ਹੋ ਗਈ। ਬਰੰਪਟਨ ਨੇੜੇ ਰੇਲਵੇ ਕਰਾਸਿੰਗ ‘ਤੇ ਮਾਲ ਗੱਡੀ ਨਾਲ ਟਕਰਾਉਣ ਨਾਲ ਮੁਕਤਸਰ ਦੇ ਪਿੰਡ ਰਾਣੀਵਾਲਾ ਦੀ ਇੱਕ 18 ਸਾਲਾ ਲੜਕੀ ਦੀ ਮੌਤ ਹੋ ਗਈ, ਜਦੋਂ ਕਿ ਉਸ ਦੀ ਕਜ਼ਨ ਭੈਣ ਨੂੰ ਕਈ ਗੰਭੀਰ ਸੱਟਾਂ ਲੱਗੀਆਂ ਹਨ। ਫ਼ਰੀਦਕੋਟ ਜ਼ਿਲ੍ਹੇ ਦੀ ਇੱਕ ਲੜਕੀ ਦੀ ਵੀ ਇਸ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ।
ਮ੍ਰਿਤਕ ਦੀ ਪਛਾਣ ਜਸ਼ਨਪ੍ਰੀਤ ਕੌਰ ਵਜੋਂ ਹੋਈ ਹੈ, ਜੋ ਅਜੇ ਸਿਰਫ ਇੱਕ ਮਹੀਨਾ ਪਹਿਲਾਂ ਸਟੱਡੀ ਬੇਸ ‘ਤੇ ਕੈਨੇਡਾ ਗਈ ਸੀ। ਪਿੰਡ ਰਾਣੀਵਾਲਾ ਦੇ ਵਸਨੀਕ ਏਐਸਆਈ ਗੁਰਪ੍ਰਤਾਪ ਸਿੰਘ ਜੋ ਕਿ ਮੋਹਾਲੀ ਦੇ ਸੀ. ਆਈ. ਏ. ਪੁਲਿਸ ਵਿੰਗ ‘ਚ ਹਨ, ਨੇ ਕਿਹਾ, “ਸੜਕ ਹਾਦਸੇ ਤੋਂ ਬਾਅਦ, ਮੇਰੀ ਭਤੀਜੀ ਜਸ਼ਨਪ੍ਰੀਤ ਕੌਰ ਦੀ ਕੈਨੇਡਾ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ, ਜਦੋਂ ਕਿ ਮੇਰੀ ਧੀ ਪਾਲਮਪ੍ਰੀਤ ਕੌਰ, ਜਿਸਦੀ ਉਮਰ ਲਗਭਗ 21 ਸਾਲ ਹੈ, ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਉਹ ਗੰਭੀਰ ਰੂਪ ਨਾਲ ਜ਼ਖਮੀ ਹੈ।
ਉਨ੍ਹਾਂ ਨੇ ਦੱਸਿਆ ਕਿ ਕਾਰ ਦਾ ਡਰਾਈਵਰ ਵੀ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਹੈ। ਮੇਰਾ ਭਤੀਜਾ ਕੈਨੇਡਾ ਵਿੱਚ ਹੈ। ਉਸ ਨੇ ਮੈਨੂੰ ਸਾਰੀ ਘਟਨਾ ਬਾਰੇ ਦੱਸਿਆ ਹੈ ਕਿ ਮੇਰੀ ਭਤੀਜੀ ਸਮੇਤ ਦੋ ਲੜਕੀਆਂ ਦੀ ਮੌਤ ਹੋ ਗਈ। ਮੇਰੀ ਧੀ ਸਮੇਤ ਦੋ ਹੋਰ ਜ਼ਖਮੀ ਹੋਏ ਹਨ। ਡਰਾਈਵਰ ਵੀ ਜ਼ਖਮੀ ਹੈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਡਰਾਈਵਰ ਨੇ ਰੇਲਵੇ ਕਰਾਸਿੰਗ ‘ਤੇ ਸਿਗਨਲ ਨਹੀਂ ਦੇਖਿਆ। ਮਾਲ ਗੱਡੀ ਨੇ ਕਾਰ ਨੂੰ ਟੱਕਰ ਮਾਰ ਦਿੱਤੀ ਅਤੇ ਇਸਨੂੰ ਇੱਕ ਕਿਲੋਮੀਟਰ ਤੋਂ ਵੱਧ ਤੱਕ ਘਸੀਟ ਕੇ ਲੈ ਗਈ। ਉਨ੍ਹਾਂ ਕਿਹਾ ਕਿ ਲੜਕੀਆਂ ਰਾਤ ਦੇ ਸਮੇਂ ਆਟੋਮੋਬਾਈਲ ਸਪੇਅਰ ਪਾਰਟਸ ਫੈਕਟਰੀ ਵਿੱਚ ਕੰਮ ਕਰਨ ਜਾ ਰਹੀਆਂ ਸਨ ਜਦੋਂ ਇਹ ਹਾਦਸਾ ਵਾਪਰਿਆ। ਜਸ਼ਨਪ੍ਰੀਤ ਦੇ ਪਿਤਾ ਰਾਜਵਿੰਦਰ ਸਿੰਘ ਚੰਡੀਗੜ੍ਹ ਟ੍ਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਵਿੱਚ ਬੱਸ ਡਰਾਈਵਰ ਹਨ।