CWC ਦੀ ਮੀਟਿੰਗ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਸਤੰਬਰ 2022 ਤੱਕ ਕਾਂਗਰਸ ਨੂੰ ਨਵਾਂ ਪ੍ਰਧਾਨ ਮਿਲ ਸਕਦਾ ਹੈ। ਸੂਤਰਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਇਹ ਜਾਣਕਾਰੀ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਸ਼ਨੀਵਾਰ ਨੂੰ ਨਵੀਂ ਦਿੱਲੀ ਸਥਿਤ ਪਾਰਟੀ ਮੁੱਖ ਦਫਤਰ ਵਿਖੇ ਕਾਂਗਰਸ ਵਰਕਿੰਗ ਕਮੇਟੀ (ਸੀਡਬਲਯੂਸੀ) ਦੀ ਮੀਟਿੰਗ ਹੋਈ ਹੈ।

CWC ਦੀ ਬੈਠਕ ਦੌਰਾਨ ਸੋਨੀਆ ਗਾਂਧੀ ਨੇ ਪਾਰਟੀ ਦੀ ਪ੍ਰਧਾਨਗੀ ਨੂੰ ਲੈ ਕੇ ਸਵਾਲ ਚੁੱਕਣ ਵਾਲੇ ‘ਜੀ 23’ ਗਰੁੱਪ ਦੇ ਆਗੂਆਂ ‘ਤੇ ਨਿਸ਼ਾਨਾ ਸਾਧਦਿਆਂ ਸਾਫ ਤੌਰ ਤੇ ਕਿਹਾ ਹੈ ਕਿ ਇਸ ਵਕਤ ਪਾਰਟੀ ਦੀ ਪ੍ਰਧਾਨ ਉਹੀ ਹਨ ਅਤੇ ਮੀਡੀਆ ਜ਼ਰੀਏ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ, ਜੋ ਵੀ ਗੱਲ ਹੈ ਪਾਰਟੀ ਅੰਦਰ ਹੀ ਕੀਤੀ ਜਾਵੇ ਤਾਂ ਜੋ ਕਾਂਗਰਸ ਨੂੰ ਮਜਬੂਤ ਬਣਾਇਆ ਜਾ ਸਕੇ।
ਉੱਥੇ ਹੀ, ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਦੇ ਕੌਮੀ ਪ੍ਰਧਾਨ ਲਈ ਸਤੰਬਰ 2020 ਤੱਕ ਚੋਣ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ। ਰਾਹੁਲ ਗਾਂਧੀ ਨੂੰ ਪ੍ਰਧਾਨ ਬਣਾਉਣ ਦੀ ਮੰਗ ਕੀਤੀ ਗਈ ਹੈ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅੱਜ ਦੀ ਬੈਠਕ ਵਿਚ ਰਾਹੁਲ ਗਾਂਧੀ ਨੂੰ ਪ੍ਰਧਾਨ ਬਣਾਉਣਾ ਦਾ ਪ੍ਰਸਤਾਵ ਦਿੱਤਾ ਅਤੇ ਕਿਹਾ ਜਾਂਦਾ ਹੈ ਕਿ ਇਸ ਨੂੰ ਜੀ-23 ਮੈਂਬਰਾਂ ਸਣੇ ਸੀ. ਡਬਲਯੂ. ਸੀ. ਦੇ ਸਾਰੇ ਮੈਂਬਰਾਂ ਨੇ ਵੀ ਸਮਰਥਨ ਦਿੱਤਾ ਹੈ। ਗੌਰਤਲਬ ਹੈ ਕਿ ਕਪਿਲ ਸਿੱਬਲ ਵਰਗੇ ਨੇਤਾ ਆਪਣੀ ਹੀ ਪਾਰਟੀ ਲੀਡਰਸ਼ਿਪ ‘ਤੇ ਸਵਾਲ ਚੁੱਕਦੇ ਰਹੇ ਹਨ ਅਤੇ CWC ਦੀ ਮੀਟਿੰਗ ਬੁਲਾ ਕੇ ਪ੍ਰਧਾਨਗੀ ਦਾ ਮੁੱਦਾ ਸੁਲਾਉਣ ਦੀ ਮੰਗ ਕਰਦੇ ਰਹੇ ਹਨ।
ਸ਼ਨੀਵਾਰ ਨੂੰ ਕਾਂਗਰਸ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਵਿਚ ਆਗਾਮੀ ਵਿਧਾਨ ਸਭਾ ਚੋਣਾਂ ਦਾ ਜ਼ਿਕਰ ਕਰਦਿਆਂ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ, “ਸਾਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਪਰ ਜੇ ਅਸੀਂ ਇਕਜੁੱਟ ਅਤੇ ਅਨੁਸ਼ਾਸਤ ਰਹਾਂਗੇ ਅਤੇ ਸਿਰਫ ਪਾਰਟੀ ਦੇ ਹਿੱਤ ‘ਤੇ ਧਿਆਨ ਕੇਂਦਰਤ ਕਰਾਂਗੇ ਤਾਂ ਮੈਨੂੰ ਯਕੀਨ ਹੈ ਕਿ ਅਸੀਂ ਚੰਗਾ ਕਰ ਸਕਦੇ ਹਾਂ।”
Comment here