ਇੰਡੋਨੇਸ਼ੀਆ ਵਿੱਚ ਇੱਕ ਵੱਡਾ ਦਰਦਨਾਕ ਹਾਦਸਾ ਵਾਪਰ ਗਿਆ ਹੈ। ਜਿੱਥੇ ਦੇਸ਼ ਦੇ ਪੱਛਮੀ ਜਾਵਾ ਸੂਬੇ ਵਿੱਚ ਇੱਕ ਨਦੀ ਦੀ ਸਫਾਈ ਮੁਹਿੰਮ ‘ਤੇ ਗਏ ਇੱਕ ਸਕੂਲ ਦੇ 11 ਵਿਦਿਆਰਥੀ ਡੁੱਬ ਗਏ ਹਨ। ਇਨ੍ਹਾਂ ਤੋਂ ਇਲਾਵਾ 10 ਹੋਰ ਵਿਦਿਆਰਥੀਆਂ ਨੂੰ ਬਚਾ ਲਿਆ ਗਿਆ ਹੈ। ਇਸ ਬਾਰੇ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ।
ਇਸ ਸਬੰਧੀ ਸਥਾਨਿਕ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਇਸਲਾਮਿਕ ਜੂਨੀਅਰ ਹਾਈ ਸਕੂਲ ਦੇ 150 ਵਿਦਿਆਰਥੀ ਸ਼ੁੱਕਰਵਾਰ ਨੂੰ ਸਿਲੀਯੂਰ ਨਦੀ ਦੇ ਕਿਨਾਰੇ ਸਫਾਈ ਮੁਹਿੰਮ ਵਿੱਚ ਹਿੱਸਾ ਲੈ ਰਹੇ ਸਨ, ਉਸ ਸਮੇਂ ਉਨ੍ਹਾਂ ਵਿੱਚੋਂ 21 ਵਿਦਿਆਰਥੀ ਤਿਲਕ ਕੇ ਨਦੀ ਵਿੱਚ ਡਿੱਗ ਗਏ।
ਬੰਡੁੰਗ ਖੋਜ ਅਤੇ ਬਚਾਅ ਦਫਤਰ ਦੇ ਮੁਖੀ ਡੇਡੇਨ ਰਿਦਵੰਸਯਾਹ ਨੇ ਦੱਸਿਆ ਕਿ ਮੌਸਮ ਠੀਕ ਸੀ ਅਤੇ ਹੜ੍ਹਾਂ ਦੀ ਕੋਈ ਸੰਭਾਵਨਾ ਨਹੀਂ ਸੀ । ਜੋ ਬੱਚੇ ਡੁੱਬੇ ਹਨ, ਉਨ੍ਹਾਂ ਨੇ ਇੱਕ ਦੂਜੇ ਦੇ ਹੱਥ ਫੜੇ ਹੋਏ ਸਨ । ਇਨ੍ਹਾਂ ਵਿੱਚੋਂ ਇੱਕ ਬੱਚੇ ਦਾ ਪੈਰ ਫਿਸਲ ਗਿਆ ਜਿਸ ਕਾਰਨ ਹੋਰ ਵੀ ਨਦੀ ਵਿੱਚ ਤਿਲਕ ਗਏ। ਬਚਾਅ ਟੀਮਾਂ ਨੇ ਇਨ੍ਹਾਂ ਵਿੱਚੋਂ 10 ਵਿਦਿਆਰਥੀਆਂ ਨੂੰ ਬਚਾ ਲਿਆ ਹੈ, ਜਿਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਦੱਸ ਦੇਈਏ ਕਿ ਕੁਝ ਮੀਡੀਆ ਰਿਪੋਰਟਾਂ ਅਨੁਸਾਰ ਉਹ ਬੱਚੇ ਨਦੀ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਜੋ ਰਾਫਟਿੰਗ ਤੇ ਟਿਊਬਿੰਗ ਲਈ ਜਾਣੀ ਜਾਂਦੀ ਹੈ, ਉਸ ਦੌਰਾਨ ਪੈਰ ਫਿਸਲਣ ਕਾਰਨ ਨਦੀ ਵਿੱਚ ਡਿੱਗ ਗਏ।
Comment here