ਪੰਜਾਬ ਵਿਚ ‘BSF ਰਾਜ’ ‘ਤੇ ਸਿਆਸਤ ਗਰਮਾ ਗਈ ਹੈ। ਕੇਂਦਰ ਦੇ ਇਸ ਫੈਸਲੇ ਦਾ ਪੰਜਾਬ ਸਰਕਾਰ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਮੁੱਦੇ ਨੂੰ ਲੈ ਕੇ ਕੇਂਦਰ ਤੇ ਪੰਜਾਬ ਸਰਕਾਰ ਆਹਮੋ-ਸਾਹਮਣੇ ਹਨ। ਹੁਣੇ ਜਿਹੇ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਬੀ. ਐੱਸ. ਐੱਫ. ਦੇ ਮੁੱਦੇ ਨੂੰ ਲੈ ਕੇ ਬਿਆਨ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਡ੍ਰੋਨ 50 ਕਿਲੋਮੀਟਰ ਤਕ ਮਾਰ ਸਕਦਾ ਹੈ ਇਸ ਲਈ ਬੀ. ਐੱਸ. ਐੱਫ. ਦਾ ਦਾਇਰਾ ਵਧਾਇਆ ਗਿਆ ਹੈ।
ਗਰੇਵਾਲ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿਚ ਡਰੋਨਾਂ ਰਾਹੀਂ ਨਸ਼ਿਆਂ ਤੇ ਹਥਿਆਰਾਂ ਦੀ ਸਪਲਾਈ ਬਹੁਤ ਵੱਧ ਗਈ ਹੈ। ਇਸੇ ਦੇ ਮੱਦੇਨਜ਼ਰ ਕੇਂਦਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬੀ. ਐੱਸ. ਐੱਫ. ਮੁੱਦੇ ‘ਤੇ ਹੁਣ ਸਿਆਸਤ ਕੀਤੀ ਜਾ ਰਹੀ ਹੈ ਤੇ ਰਾਜਨੀਤਕ ਆਗੂ ਨਿੱਜੀ ਸਿਆਸੀ ਫਾਇਦਿਆਂ ਲਈ ਇਸ ਦਾ ਇਸਤੇਮਾਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਦੇ ਇਸ ਫੈਸਲੇ ਨਾਲ ਨਾਲ ਸੂਬੇ ਦੇ ਲਾਅ ਐਂਡ ਆਰਡਰ ਵਿਚ ਕੋਈ ਦਖਲਅੰਦਾਜ਼ੀ ਨਹੀਂ ਹੋਵੇਗੀ। ਇਹ ਸੂਬੇ ਖਿਲਾਫ ਕੋਈ ਸਾਜ਼ਿਸ਼ ਨਹੀਂ ਕਿਉਂਕਿ ਇੱਕਲੇ ਪੰਜਾਬ ਵਿਚ ਹੀ ਨਹੀਂ ਸਗੋਂ ਆਸਾਮ ਤੇ ਪੱਛਮੀ ਬੰਗਾਲ ਵਿਚ ਇਹ ਫੈਸਲਾ ਲਾਗੂ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਕੇਂਦਰ ਦੇ ਫੈਸਲੇ ਦਾ ਸਮਰਥਨ ਕੀਤਾ ਗਿਆ ਹੈ ਤੇ ਕੈਪਟਨ ਅਮਰਿੰਦਰ ਸਿੰਘ ਜੀ ਤੋਂ ਵਧੀਆ ਇਸ ਨੂੰ ਕੋਈ ਨਹੀਂ ਸਮਝਦਾ।
ਭਾਜਪਾ ਆਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਇਹ ਫੈਸਲੇ ਸੂਬੇ ਦੀ ਸੁਰੱਖਿਆ ਦੇ ਲਿਹਾਜ਼ ਨਾਲ ਲਿਆ ਗਿਆ ਹੈ ਤੇ ਇਸ ਨੂੰ ਗਲਤ ਮਾਇਨਿਆਂ ਵਿਚ ਨਹੀਂ ਲਏ ਜਾਣਾ ਚਾਹੀਦਾ। ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਸੁਨੀਲ ਜਾਖੜ ਵੱਲੋਂ ਵੀ ਬੀ. ਐੱਸ. ਐੱਫ. ਦੇ ਦਾਇਰਾ ਵਧਾਉਣ ਦੇ ਫੈਸਲੇ ਦਾ ਸਮਰਥਨ ਕੀਤਾ ਗਿਆ ਹੈ।
Comment here