ਬੁੱਧਵਾਰ ਨੂੰ ਲੁਧਿਆਣਾ ਵਿਖੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਉਦਯੋਗ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਾਰੋਬਾਰੀਆਂ ਨਾਲ ਮੀਟਿੰਗ ਕੀਤੀ । ਉਨ੍ਹਾਂ ਨਾਲ ਮੰਤਰੀ ਭਾਰਤ ਭੂਸ਼ਣ ਆਸ਼ੂ ਵੀ ਮੌਜੂਦ ਸਨ। ਇਸ ਮੌਕੇ ਉਨ੍ਹਾਂ ਨੇ ਵਪਾਰੀਆਂ ਨੂੰ 48 ਹਜ਼ਾਰ ਵੈਟ ਅਸੈਸਮੈਂਟ ਕੇਸ ਨੂੰ ਨਿਬੇੜਨ ਦਾ ਫੈਸਲਾ ਵੀ ਸੁਣਾਇਆ ਤੇ ਨਾਲ ਹੀ ਭਰੋਸਾ ਦਿੱਤਾ ਕਿ ਸਾਰੇ ਕੇਸ ਨੂੰ ਇਕ ਹਫਤੇ ਵਿਚ ਸੁਲਝਾ ਲਿਆ ਜਾਵੇਗਾ।
ਇਸ ਮੌਕੇ ਵਿੱਤ ਮੰਤਰੀ ਨੇ ਦਾਅਵਾ ਕੀਤਾ ਕਿ ਦੀਵਾਲੀ ਤੋਂ ਪਹਿਲਾਂ ਪੰਜਾਬ ਸਰਕਾਰ ਬਿਜਲੀ ਬਿੱਲਾਂ ਨੂੰ ਲੈ ਕੇ ਵੱਡੀ ਰਾਹਤ ਦੇ ਸਕਦੀ ਹੈ। ਉਨ੍ਹਾਂ ਕਿਹਾ ਕਿ ਦੀਵਾਲੀ ਤੋਂ ਪਹਿਲਾਂ ਸਰਕਾਰ ਬਿਜਲੀ ਸਸਤੀ ਕਰ ਸਕਦੀ ਹੈ। ਇਹ ਰਾਹਤ ਕੀ ਹੋਵੇਗੀ ਤੇ ਕਿਸ ਤਰ੍ਹਾਂ ਦਿੱਤੀ ਜਾਵੇਗੀ ਇਸ ਬਾਰੇ ਅਜੇ ਕੁਝ ਸਪੱਸ਼ਟ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦੀ ਸਰਕਾਰ ਸੱਤਾ ‘ਚ ਆਈ ਸੀ ਤਾਂ ਉਨ੍ਹਾਂ ਦੇ ਸਿਰ ‘ਤੇ 2 ਲੱਖ ਕਰੋੜ ਰੁਪਏ ਦਾ ਕਰਜ਼ਾ ਸੀ ਤੇ ਹੁਣ ਇਹ ਕਰਜ਼ਾ 2.75 ਕਰੋੜ ਰੁਪਏ ਤੱਕ ਜਾ ਪੁੱਜਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਮਦਨੀ ਮੁਤਾਬਕ ਕਰਜ਼ੇ ਦੀ ਮਾਤਰਾ ਘੱਟ ਹੈ।
ਮਨਪ੍ਰੀਤ ਬਾਦਲ ਨੇ ਦੱਸਿਆ ਕਿ ਹਾਲ ਦੀ ਘੜੀ ਪੰਜਾਬ ਸਰਕਾਰ 12 ਤੋਂ 14 ਰੁਪਏ ਪ੍ਰਤੀ ਯੂਨਿਟ ਬਿਜਲੀ ਖਰੀਦ ਕੇ ਲੋਕਾਂ ਨੂੰ ਸਪਲਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕੋਲ 30 ਦਿਨ ਦਾ ਸਟਾਕ ਸੀ, ਜੋ ਕਿ ਹੁਣ 2 ਦਿਨ ਦਾ ਬਾਕੀ ਰਹਿ ਗਿਆ ਹੈ। ਮਹਿੰਗੀ ਬਿਜਲੀ ਖਰੀਦਣ ਕਾਰਨ ਸੂਬੇ ‘ਤੇ ਵਿੱਤੀ ਸੰਕਟ ਵੱਧ ਰਿਹਾ ਹੈ, ਜਿਸ ‘ਤੇ ਧਿਆਨ ਦੇਣਾ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਭਵਿੱਖ ‘ਚ ਅਸੀਂ ਬਿਜਲੀ ਉਤਪਾਦਨ ਦਾ ਤਰੀਕਾ ਬਦਲ ਰਹੇ ਹਾਂ। ਇਸ ਵਿਚ ਸੋਲਰ ਤੇ ਗੈਸ ਨਾਲ ਬਿਜਲੀ ਪੈਦਾ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਕੋਲਾ ਮਹਿੰਗਾ ਪੈ ਰਿਹਾ ਹੈ, 2 ਰੁਪਏ ਪ੍ਰਤੀ ਯੂਨਿਟ ਤਾਂ ਕੋਲੇ ਦਾ ਕਿਰਾਇਆ ਹੀ ਦੇਣਾ ਪੈ ਰਿਹਾ ਹੈ। ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਕੈਪਟਨ ਸਰਕਾਰ ‘ਤੇ ਉਨ੍ਹਾਂ ਸਿਰਫ ਇਹ ਹੀ ਕਿਹਾ ਕਿ ਪੁਰਾਣੀ ਪੀੜ੍ਹੀ ਨੂੰ ਨਵੀਂ ਪੀੜ੍ਹੀ ਲਈ ਰਸਤਾ ਛੱਡ ਦੇਣਾ ਚਾਹੀਦਾ ਹੈ। ਕੈਪਟਨ ਸਾਹਿਬ ਹੁਣ 78 ਸਾਲ ਦੇ ਹੋ ਚੁੱਕੇ ਹਨ ਤੇ ਨਵੇਂ ਮੁੱਖ ਮੰਤਰੀ ਚੰਨੀ ਦੀ ਉਮਰ 58 ਸਾਲ ਹੈ। ਇਸ ਲਈ ਕੈਪਟਨ ਦੇ ਰੁਖਸਤ ਹੋਣ ਦਾ ਸਮਾਂ ਆ ਚੁੱਕਾ ਸੀ।