Site icon SMZ NEWS

CM ਚੰਨੀ ਨੇ ਅੰਮ੍ਰਿਤਸਰ ‘ਚ PHD ਚੈਂਬਰ ਨੂੰ 2 ਤੋਂ 6 ਦਸੰਬਰ ਤੱਕ ਪਾਈਟੈਕਸ 2021 ਕਰਵਾਉਣ ਦੀ ਦਿੱਤੀ ਮਨਜ਼ੂਰੀ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅੰਮ੍ਰਿਤਸਰ ਵਿਚ ਪੀ. ਐੱਚ. ਡੀ. ਚੈਂਬਰ ਨੂੰ 2 ਤੋਂ 6 ਦਸੰਬਰ ਤੱਕ ਪਾਈਟੈਕਸ  (ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ) ਕਰਵਾਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਇਸ ਕੌਮਾਂਤਰੀ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਲਈ ਦਿੱਤੇ ਗਏ ਸੱਦੇ ਪੱਤਰ ਨੂੰ ਸਵੀਕਾਰ ਕਰ ਲਿਆ। ਇਹ ਪ੍ਰਦਰਸ਼ਨੀ ਸੂਬਾ ਭਰ ਵਿਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਵਿਚ ਮਦਦਗਾਰ ਸਾਬਤ ਹੋਵੇਗੀ।

ਆਏ ਹੋਏ ਵਫਦ ਦੀ ਬੇਨਤੀ ‘ਤੇ, ਮੁੱਖ ਮੰਤਰੀ ਨੇ ਉਦਯੋਗ ਅਤੇ ਸੈਰ ਸਪਾਟਾ ਵਿਭਾਗਾਂ ਨੂੰ ਵੀ ਨਿਰਦੇਸ਼ ਦਿੱਤੇ ਕਿ ਇਸ ਵਿਸ਼ਾਲ ਪ੍ਰਦਰਸ਼ਨੀ ਨੂੰ ਸਹੀ ਢੰਗ ਨਾਲ ਆਯੋਜਿਤ ਕਰਨ ਲਈ ਪਹਿਲਾਂ ਤੋਂ ਵਿਸਤ੍ਰਿਤ ਪ੍ਰਬੰਧ ਕੀਤੇ ਜਾਣ। ਇਸ ਤੋਂ ਪਹਿਲਾਂ, ਉਦਯੋਗ ਅਤੇ ਵਣਜ ਮੰਤਰੀ ਗੁਰਕੀਰਤ ਸਿੰਘ ਕੋਟਲੀ, ਜਿਨ੍ਹਾਂ ਨਾਲ ਪੀ. ਐੱਚ. ਡੀ. ਸੀ. ਸੀ. ਆਈ. ਦੇ ਚੇਅਰਮੈਨ ਕਰਨ ਗਿਲਹੋਤਰਾ ਦੀ ਅਗਵਾਈ ਵਫਦ ਵੀ ਮੌਜੂਦ ਸੀ, ਨੇ ਮੁੱਖ ਮੰਤਰੀ ਨੂੰ ਉਨ੍ਹਾਂ ਦੇ ਦਫਤਰ ਵਿੱਚ ਇਸ ਅੰਤਰਰਾਸ਼ਟਰੀ ਪ੍ਰਦਰਸ਼ਨੀ ਦਾ ਸੱਦਾ ਦਿੱਤਾ ਸੀ।

ਇਸ ਮੌਕੇ ਕੋਟਲੀ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਪਾਈਟੈਕਸ 5-6 ਦੇਸ਼ਾਂ ਦੇ ਵਪਾਰੀਆਂ ਅਤੇ ਨਿਰਮਾਤਾਵਾਂ ਨੂੰ ਆਪਣੇ ਉਤਪਾਦਾਂ ਦੀ ਪ੍ਰਦਰਸ਼ਨੀ ਵਾਸਤੇ ਸਿਹਤਮੰਦ ਮੰਚ ਦੀ ਪੇਸ਼ਕਸ਼ ਕਰੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਨੇਜਿੰਗ ਕਮੇਟੀ ਮੈਂਬਰ ਪੰਜਾਬ ਸਟੇਟ ਚੈਪਟਰ ਪੀ. ਐੱਚ. ਡੀ. ਸੀ. ਸੀ. ਆਈ., ਆਰ.ਐਸ. ਸਚਦੇਵਾ, ਖੇਤਰੀ ਡਾਇਰੈਕਟਰ ਮਧੂ ਪਿਲੱਈ, ਵਪਾਰ ਮੇਲੇ ਦੇ ਮੁਖੀ ਹਰਦੀਪ ਸਿੰਘ ਅਤੇ ਰੈਜ਼ੀਡੈਂਟ ਡਾਇਰੈਕਟਰ ਪ੍ਰਦੀਪ ਰਤਨ ਸ਼ਾਮਲ ਸਨ।

Exit mobile version