ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਤੋਂ ਅੱਜ ਲਖੀਮਪੁਰ ਖੀਰੀ ਮਾਮਲੇ ‘ਚ ਪੁੱਛਗਿੱਛ ਕੀਤੀ ਜਾ ਰਹੀ ਹੈ। ਹਾਲਾਂਕਿ ਬੀਤੇ ਆਸ਼ੀਸ਼ ਮਿਸ਼ਰਾ ਨੂੰ ਪੁਲਿਸ ਨੇ ਤਲਬ ਕੀਤਾ ਸੀ, ਪਰ ਉਹ ਜਾਂਚ ਟੀਮ ਦੇ ਸਾਹਮਣੇ ਪੇਸ਼ ਨਹੀਂ ਹੋਏ ਸਨ।
ਆਸ਼ੀਸ਼ ਦੇ ਨੇਪਾਲ ਭੱਜਣ ਦੀ ਚਰਚਾ ਦੇ ਵਿੱਚ, ਅਜੈ ਮਿਸ਼ਰਾ ਨੇ ਸਪੱਸ਼ਟ ਕੀਤਾ ਸੀ ਕਿ ਆਸ਼ੀਸ਼ ਕਿਤੇ ਵੀ ਨਹੀਂ ਗਏ ਹਨ। ਇਸ ਸਭ ਦੇ ਵਿਚਕਾਰ ਪੁਲਿਸ ਨੇ ਅਸ਼ੀਸ਼ ਮਿਸ਼ਰਾ ਨੂੰ ਅੱਜ ਸਵੇਰੇ 11 ਵਜੇ ਪੇਸ਼ ਹੋਣ ਲਈ ਕਿਹਾ ਸੀ। ਆਸ਼ੀਸ਼ ਮਿਸ਼ਰਾ ਕ੍ਰਾਈਮ ਬ੍ਰਾਂਚ ਵੱਲੋਂ ਦਿੱਤੀ ਗਈ ਸਵੇਰੇ 11 ਵਜੇ ਦੀ ਡੈੱਡਲਾਈਨ ਤੋਂ ਕਰੀਬ 22 ਮਿੰਟ ਪਹਿਲਾਂ ਸਵੇਰੇ 10.38 ਵਜੇ ਕ੍ਰਾਈਮ ਬ੍ਰਾਂਚ ਦੇ ਦਫਤਰ ਪਹੁੰਚੇ ਸਨ। ਪੁਲਿਸ ਵਿਭਾਗ ਦੇ ਉੱਚ ਅਧਿਕਾਰੀ ਅਤੇ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੀ ਟੀਮ ਪਹਿਲਾਂ ਹੀ ਕ੍ਰਾਈਮ ਬ੍ਰਾਂਚ ਦੇ ਦਫਤਰ ਪਹੁੰਚ ਚੁੱਕੀ ਸੀ।
ਜਾਂਚ ਟੀਮ ਦੇ ਸਾਹਮਣੇ ਆਸ਼ੀਸ਼ ਦੀ ਪੇਸ਼ੀ ਲਈ ਪੁਲਿਸ ਲਾਈਨ ਵਿੱਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਹਰ ਜਗ੍ਹਾ ਬੈਰੀਕੇਡ ਲਗਾਏ ਗਏ ਹਨ। ਹਰ ਜਗ੍ਹਾ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਤਕਰੀਬਨ 2 ਘੰਟਿਆਂ ਤੋਂ ਆਸ਼ੀਸ਼ ਮਿਸ਼ਰਾ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉੱਥੇ ਹੀ ਇੱਕ ਵੱਡੀ ਖਬਰ ਇਹ ਵੀ ਹੈ ਕਿ ਲਖੀਮਪੁਰ ਦੇ ਵਿੱਚ ਇੰਟਰਨੈੱਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਆਸ਼ੀਸ਼ ਮਿਸ਼ਰਾ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਜਾ ਨਹੀਂ। ਫਿਲਹਾਲ ਸਭ ਦੀਆਂ ਨਜ਼ਰਾਂ ਹੁਣ ਇਸ ਪੁੱਛਗਿੱਛ ‘ਤੇ ਟਿਕੀਆਂ ਹੋਈਆਂ ਹਨ।
Comment here