Site icon SMZ NEWS

ਭੁੱਲ ਸੁਧਾਰ ਰੈਲੀ: ਸ਼ਾਹਿਬ ਕਾਂਸ਼ੀ ਰਾਮ ਅਤੇ ਬਹੁਜਨ ਸਮਾਜ ਦੀਆਂ ਵਿਰਾਸਤਾਂ ਨਾਲ ਵੀ ਲੋਕਾਂ ਨੂੰ ਜੋੜ ਰਿਹੈ ਜਸਵੀਰ ਸਿੰਘ ਗੜ੍ਹੀ

ਪੰਜਾਬ ਦੀਆਂ ਚੋਣਾਂ ਸਿਰ ‘ਤੇ ਹਨ ਅਤੇ ਸਾਰੀਆਂ ਸਿਆਸੀ ਪਾਰਟੀਆਂ ਪੱਬਾਂ ਭਾਰ ਹੋ ਕੇ ਸੂਬੇ ਦੇ ਲੋਕਾਂ ਤੱਕ ਪਹੁੰਚ ਕਰ ਰਹੀਆਂ ਹਨ ਤਾਂ ਜੋ 2022 ‘ਚ ਪੰਜਾਬ ਦੀ ਸੱਤਾ ਦੀ ਵਾਂਗਡੋਰ ਉਨ੍ਹਾਂ ਦੇ ਹੱਥ ਵਿੱਚ ਆ ਸਕੇ। ਹਾਲਾਂਕਿ ਇਹ ਫੈਸਲਾ ਜਨਤਾ ਜਨਾਰਦਨ ਦਾ ਹੋਵੇਗਾ ਕਿ ਉਨ੍ਹਾਂ ਨੇ ਸੂਬੇ ਦੀ ਵਾਂਗਡੋਰ ਕਿਸਨੂੰ ਦੇਣੀ ਹੈ ਪਰ ਸੂਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਬਹੁਜਨ ਸਮਾਜ ਪਾਰਟੀ ਦੇ ਹੋਏ ਗੱਠਜੋੜ ਨੇ ਨਵੇਂ ਸਮੀਕਰਨ ਬਣਾਏ ਹਨ ਜਿਸ ਦੇ ਚੱਲਦਿਆਂ ਇਨ੍ਹਾਂ ਦੀਆਂ ਵਿਰੋਧੀ ਸਿਆਸੀ ਪਾਰਟੀਆਂ ਨੂੰ ਵਿਪਤਾ ਤਾਂ ਪੈ ਗਈ ਹੈ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਇਹ ਅਸੰਭਵ ਕੰਮ ਆਖਿਰ ਹੋਇਆ ਕਿਵੇਂ ? ਕਿਵੇਂ ਅਕਾਲੀ-ਬਸਪਾ ਦਾ ਗੱਠਜੋੜ ਹੋ ਗਿਆ ? ਇਸਦੇ ਪਿੱਛੇ ਦੀ ਵਜ੍ਹਾ ਕੀ ਰਹੀ ? ਅਜਿਹੇ ਕਈ ਸਵਾਲ ਹਨ ਜਿਹੜੇ ਲੋਕਾਂ ਦੇ ਜ਼ਹਿਨ ਵਿੱਚ ਹਨ। ਜਿਹੜੇ ਤਾਂ ਇਨ੍ਹਾਂ ਪਾਰਟੀਆਂ ਦੇ ਨਾਲ ਜੁੜੇ ਹੋਏ ਹਨ ਉਨ੍ਹਾਂ ਨੂੰ ਤਾਂ ਇਹ ਜਵਾਬ ਪਹਿਲਾਂ ਹੀ ਸ਼ਾਇਦ ਮਿਲ ਚੁੱਕੇ ਹਨ ਪਰ ਜਿਨ੍ਹਾਂ ਨੂੰ ਇਨ੍ਹਾਂ ਸਵਾਲਾਂ ਦੇ ਜਵਾਬਾਂ ਦਾ ਇੰਤਜ਼ਾਰ ਹੈ ਉਨ੍ਹਾਂ ਲਈ ਇਹ ਸਭ ਜਾਨਣਾ ਲਾਜ਼ਮੀ ਹੈ ਕਿ ਇਸ ਗੱਠਜੋੜ ਦੀ ਵੱਡੀ ਵਜ੍ਹਾ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਹਨ। ਸਿੱਖੀ ਸਰੂਪ, ਨੌਜਵਾਨਾਂ ਵਰਗੀ ਦਸਤਾਰ, ਨੂਰਾਨੀ ਚਿਹਰਾ ਤੇ ਭਾਸ਼ਣਾਂ ‘ਚ ਗੁਰਬਾਣੀ ਦੇ ਅਲੰਕਾਰ ਵਰਤਣ ਵਾਲਾ, ਮੱਖਣ ਵਰਗਾ ਮੋਮ, ਅੱਗ ਵਰਗਾ ਗਰਮ ਤੇ ਰਾਜਨੀਤੀ ਦੇ ਹਰ ਪੈਂਤਰੇ ਨੂੰ ਜਾਣਦੇ-ਸਮਝਦੇ ਸਰਦਾਰ ਜਸਵੀਰ ਸਿੰਘ ਗੜ੍ਹੀ ਦੀ ਭਾਸ਼ਾ ਅਤੇ ਵਿਸ਼ੇ ਤੇ ਜੋ ਪਕੜ ਹੈ ਉਸਦੇ ਚੱਲਦਿਆਂ ਉਹ ਅਜਿਹੇ ਸਿਆਸਤਦਾਨ ਹਨ ਜਿਹੜੇ ਕਿਸੇ ਵੀ ਜਾਤਿ-ਧਰਮ ਦੇ ਲੋਕਾਂ ਨੂੰ ਪ੍ਰਭਾਵਿਤ ਕਰਨ ਦਾ ਦਮ ਰੱਖਦੇ ਹਨ। ਬਹੁਜਨ ਸਮਾਜ ਪਾਰਟੀ ਕਿਸੇ ਇੱਕ ਫਿਰਕੇ ਦੀ ਪਾਰਟੀ ਹੈ ਇਸ ਧਾਰਣਾ ਨੂੰ ਵੀ ਗੜ੍ਹੀ ਨੇ ਹੀ ਬਦਲਿਆ ਹੈ ਅਤੇ ਇਹੋ ਕਾਰਣ ਹੈ ਕਿ ਬਸਪਾ ਦੇ ਨਾਲ ਹੁਣ ਬ੍ਰਾਹਮਣ, ਬਾਣੀਏ ਤੇ ਹੋਰ ਜਾਤਾਂ ਦੇ ਲੋਕ ਵੱਡੀ ਗਿਣਤੀ ਵਿੱਚ ਜੁੜ ਰਹੇ ਹਨ। ਜਿਹੜੇ ਗੜ੍ਹੀ ਦੇ ਵਿਰੋਧੀ ਇਹ ਸਵਾਲ ਕਰਦੇ ਹਨ ਕਿ ਗੜ੍ਹੀ ਨੇ ਕੀਤਾ ਕੀ ਜਿਹੜਾ ਉਨ੍ਹਾਂ ਨੂੰ ਪੰਜਾਬ ਦਾ ਪ੍ਰਧਾਨ ਬਣਾ ਦਿੱਤਾ ਗਿਆ ਤਾਂ ਉਨ੍ਹਾਂ ਲਈ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ 18 ਸਾਲ ਦੀ ਸਰਕਾਰੀ ਨੌਕਰੀ ਦੌਰਾਨ ਸ. ਗੜ੍ਹੀ ਨੇ ਪਰਦੇ ਦੇ ਪਿੱਛੇ ਰਹਿ ਕੇ ਜੋ ਕੰਮ ਕੀਤੇ ਉਹ ਮੂੰਹੋ ਬੋਲਦੇ ਹਨ। ਜਿਵੇਂ ਆਰ.ਐਸ.ਐਸ ਸ਼ਾਖਾ ਲਾਉਂਦੀ ਹੈ ਉਸੇ ਤਰ੍ਹਾਂ ਸ. ਗੜ੍ਹੀ ਨੇ ਬਸਪਾ ਆਗੂਆਂ ਦੀਆਂ ਕਲਾਸਾਂ ਲਾਈਆਂ, ਕੇਡਰ ਦੇ ਕੈਂਪ ਲਾਉਣ ਵਾਲੇ ਗੜ੍ਹੀ ਨੇ ਆਪਣੀ ਜ਼ਿੰਦਗੀ ਦਾ ਉਹ ਕੀਮਤੀ ਸਮਾਂ ਪਾਰਟੀ ਨੂੰ ਸਮਰਪਿਤ ਹੋ ਕੇ ਦਿੱਤਾ ਹੈ ਜੋ ਹਰ ਕੋਈ ਆਪੋ ਆਪਣੇ ਪਰਿਵਾਰ ਅਤੇ ਆਪਣੇ ਰੋਜ਼ਗਾਰ ਨੂੰ ਦਿੰਦਾ ਹੈ।

ਗੱਲ ਭੁੱਲ ਸੁਧਾਰ ਰੈਲੀ ਦੀ ਕਰੀਏ ਤਾਂ ਸਾਲ 2001 ਵਿੱਚ ਸਾਹਿਬ ਕਾਂਸ਼ੀ ਰਾਮ ਨੇ ਪੰਜਾਬ ਦੇ ਹੁਸ਼ਿਆਰਪੁਰ ਦੀ ਰੌਸ਼ਨ ਗ੍ਰਾਂਉਂਡ ਵਿੱਚ ਭੁੱਲ ਸੁਧਾਰ ਰੈਲੀ ਕੀਤੀ ਸੀ ਅਤੇ ਉਸ ਸਮੇਂ ਦੇ ਹਾਕਮਾਂ ਨੂੰ ਸੋਚਾਂ ਵਿੱਚ ਪਾ ਦਿੱਤਾ ਸੀ ਅਤੇ ਹੁਣ ਬਸਪਾ ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਵੀ ਸਾਹਿਬ ਕਾਂਸ਼ੀ ਰਾਮ ਜੀ ਦੇ ਨਕਸ਼ੇ ਕਦਮ ਤੇ ਚੱਲਦੇ ਹੋਏ ਜਲੰਧਰ ਵਿਖੇ ਡੀਏਵੀ ਯੂਨੀਵਰਸਿਟੀ ਦੇ ਨੇੜੇ 9 ਅਕਤੂਬਰ, ਸ਼ਨੀਵਾਰ ਨੂੰ ਇਸੇ ਨਾਮ ਹੇਠਾਂ ਭੁੱਲ ਸੁਧਾਰ ਰੈਲੀ ਕਰਨ ਜਾ ਰਹੇ ਹਨ। ਸ. ਗੜ੍ਹੀ ਨਾ ਸਿਰਫ ਸਾਹਿਬ ਕਾਂਸ਼ੀ ਰਾਮ ਦੇ ਨਕਸ਼ੇ ਕਦਮ ਤੇ ਚੱਲ ਰਹੇ ਹਨ ਸਗੋਂ ਸਾਹਿਬ ਕਾਂਸ਼ੀ ਰਾਮ ਅਤੇ ਬਹੁਜਨ ਸਮਾਜ ਦੀਆਂ ਵਿਰਾਸਤਾਂ ਨਾਲ ਵੀ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਜੋੜਣ ਦਾ ਕੰਮ ਕਰ ਰਹੇ ਹਨ।

ਇੱਥੇ ਇਹ ਗੱਲ ਕਰਨੀ ਵੀ ਲਾਜ਼ਮੀ ਬਣਦੀ ਹੈ ਕਿ ਪੰਜਾਬ ਵਿੱਚ ਬੀਤੇ ਤਕਰੀਬਨ 10 ਮਹੀਨਿਆਂ ਤੋਂ ਵੱਧ ਦੇ ਸਮੇਂ ਤੋਂ ਕਿਸਾਨ ਅੰਦੋਲਨ ਚੱਲ ਰਿਹਾ ਹੈ ਅਤੇ ਜਿਸ ਪੱਧਰ ‘ਤੇ ਕਿਸਾਨ ਅੰਦੋਲਨ ਚੱਲ ਰਿਹਾ ਹੈ ਉਸਦੇ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਸੂਬੇ ਦੀ ਸਿਆਸਤ ਕਿਸਾਨ ਰਾਜਨੀਤੀ ਦੇ ਦੁਆਲੇ ਘੁੰਮਣੀ ਚਾਹੀਦੀ ਸੀ ਪਰ ਇਹ ਬਸਪਾ ਦੀ ਵੱਧ ਰਹੀ ਤਾਕਤ ਦਾ ਹੀ ਨਤੀਜਾ ਹੈ ਕਿ ਸੂਬੇ ਦੀ ਸਿਆਸਤ ਅਨੂਸੂਚਿਤ ਜਾਤੀਆਂ ਦੁਆਲੇ ਘੁੰਮ ਰਹੀ ਹੈ। ਬਸਪਾ ਵੱਲੋਂ ਇੱਕ ਤੋਂ ਬਾਅਦ ਇੱਕ ਵੱਡੀਆਂ ਰੈਲੀਆਂ ਕੀਤੀਆਂ ਜਾ ਰਹੀ ਹਨ, ਜਿਨ੍ਹਾਂ ਦੀ ਸ਼ੁਰੂਆਤ 2 ਅਪ੍ਰੈਲ ਨੂੰ ਸਾਹਿਬ ਕਾਂਸ਼ੀ ਰਾਮ ਦੀ ਦੇ ਜੱਦੀ ਪਿੰਡ ਖੁਆਸਪੁਰ ਤੋਂ ‘ਬੇਗਮਪੁਰਾ ਪਾਤਸ਼ਾਹੀ ਬਣਾਓ’ ਰੈਲੀ ਤੋਂ ਕੀਤੀ ਗਈ। ਕੋਵਿਡ ਚੱਲ ਰਿਹਾ ਸੀ ਪਰ ਬਸਪਾ ਦੀ ਰੈਲੀ ਦੇ ਠਾਠਾਂ ਮਾਰਦੇ ਇਕੱਠ ਨੇ ਇਹ ਸਾਬਿਤ ਕਰ ਦਿੱਤਾ ਸੀ ਕਿ ਬਸਪਾ ਦੇ ਵਰਕਰ ਕਿਸੇ ਵੀ ਡਰ ਤੋਂ ਡਰਨ ਵਾਲੇ ਨਹੀਂ ਅਤੇ ਇਸ ਰੈਲੀ ਨੇ ਪੰਜਾਬ ਵਿੱਚ ਅਕਾਲੀ-ਬਸਪਾ ਗੱਠਜੋੜ ਦਾ ਮੁੱਢ ਬੰਨਿਆ ਅਤੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਬਹੁਜਨ ਸਮਾਜ ਪਾਰਟੀ ਦਾ ਗੱਠਜੋੜ ਹੋਇਆ। ਇਸ ਗੱਠਜੋੜ ਤੋਂ ਬਾਅਦ ਬਸਪਾ ਵੱਲੋਂ ਫਗਵਾੜਾ ਵਿਖੇ 29 ਅਗਸਤ ਨੂੰ ਅਲਖ ਜਗਾਓ ਰੈਲੀ ਕੀਤੀ ਗਈ। ਕਿਸਾਨਾਂ ਦੇ ਦੋ ਘੰਟੇ ਦੇ ਬੰਦ ਦੌਰਾਨ ਵੀ ਲੱਖਾਂ ਵਰਕਰ ਫਗਵਾੜਾ ਪਹੁੰਚੇ ਅਤੇ ਇਸ ਵਿਸ਼ਾਲ ਰੈਲੀ ਦਾ ਨਤੀਜਾ ਇਹ ਰਿਹਾ ਕਿ ਜਿੱਥੇ ਕਾਂਗਰਸ ਦੇ ਸੰਗਠਨ ਵਿੱਚ ਭੂਚਾਲ ਆ ਗਿਆ ਉਥੇ ਹੀ ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਵੀ ਚੂਲਾਂ ਹਿੱਲ ਗਈਆਂ।

ਫਗਵਾੜਾ ਵਿਖੇ ਬਸਪਾ ਦੀ ਰੈਲੀ ਦਾ ਹੀ ਨਤੀਜਾ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਪ੍ਰਧਾਨਗੀ ਤੋਂ ਹੱਥ ਧੋਣੇ ਪੈ ਗਏ ਜਦਕਿ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਵੀ ਜਾਂਦੀ ਲੱਗੀ। ਇਹ ਬਸਪਾ ਦੀ ਤਾਕਤ ਦਾ ਹੀ ਨਤੀਜਾ ਰਿਹਾ ਹੈ ਕਿ ਮੁੱਖ ਮੰਤਰੀ ਦੀ ਕੁਰਸੀ ਲਈ ਤਰਲੋ ਮੱਛੀ ਹੁੰਦੇ ਰਹੇ ਸੁਨੀਲ ਜਾਖੜ, ਸੁੱਖਜਿੰਦਰ ਸਿੰਘ ਸੁੱਖੀ ਰੰਧਾਵਾ ਅਤੇ ਨਵਜੋਤ ਸਿੰਘ ਸਿੱਧੂ ਦੀ ਥਾਂ ਅਨੂਸੂਚਿਤ ਜਾਤੀ ਦੇ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਹਾਈਕਮਾਨ ਨੇ ਪੰਜਾਬ ਦਾ ਮੁੱਖ ਮੰਤਰੀ ਲਾਇਆ ਕਿਉਂਕਿ ਕਾਂਗਰਸ ਹਾਈਕਮਾਨ ਨੂੰ ਲੱਗਦਾ ਹੈ ਕਿ ਹੋਰਾਂ ਨਾਲੋਂ ਜ਼ਿਆਦਾ ਬਸਪਾ ਨੂੰ ਰੋਕਣਾ ਜ਼ਰੂਰੀ ਹੈ ਅਤੇ ਇਸੇ ਦੇ ਚੱਲਦਿਆਂ ਉਨ੍ਹਾਂ ਸਿਰਫ 3-4 ਮਹੀਨਿਆਂ ਲਈ ਚੰਨੀ ਨੂੰ ਮੁੱਖ ਮੰਤਰੀ ਲਾਇਆ ਤਾਂ ਜੋ ਆਉਂਦੀਆਂ ਵਿਧਾਨਸਭਾ ਚੋਣਾਂ ਦੌਰਾਨ ਜਿੱਤ ਪ੍ਰਾਪਤ ਕੀਤੀ ਜਾ ਸਕੇ ਪਰ ਲੱਗਦਾ ਨਹੀਂ ਕਿ ਬਸਪਾ ਦੇ ਹੁੰਦਿਆ ਅਜਿਹਾ ਹੋ ਪਾਵੇਗਾ। ਸਿਰਫ 5-6 ਮਹੀਨਿਆਂ ਦੇ ਸਮੇਂ ਦੌਰਾਨ ਹੀ ਬਸਪਾ ਵੱਲੋਂ ਤਿੰਨ ਵਿਸ਼ਾਲ ਰੈਲੀਆਂ ਕਰਕੇ ਉਨ੍ਹਾਂ ਸਿਆਸੀ ਵਿਰੋਧੀਆਂ ਨੂੰ ਇਹ ਸਪੱਸ਼ਟ ਸੁਨੇਹਾ ਦਿੱਤਾ ਗਿਆ ਹੈ ਜਿਹਨਾਂ ਨੂੰ ਇਸ ਗੱਲ ਦਾ ਭੁਲੇਖਾ ਹੈ ਕਿ ਬਸਪਾ ਕਰ ਹੀ ਕੀ ਸਕਦੀ ਹੈ ? ਦੋ ਰੈਲੀਆਂ ਬਸਪਾ ਵੱਲੋਂ ਆਪਣੇ ਦਮ ‘ਤੇ ਕਰਨ ਤੋਂ ਬਾਅਦ ਹੁਣ ਬਸਪਾ ਵੱਲੋਂ ਤੀਸਰੀ ਰੈਲੀ 9 ਅਕਤੂਬਰ ਦਿਨ ਸ਼ਨੀਵਾਰ ਨੂੰ ਕੀਤੀ ਜਾ ਰਹੀ ਹੈ ਜੋਕਿ ਅਕਾਲੀ-ਬਸਪਾ ਗੱਠਜੋੜ ਦੀ ਪਹਿਲੀ ਸਾਂਝੀ ਰੈਲੀ ਹੈ। ਬਸਪਾ ਨੇ ਆਪਣੀਆਂ ਰੈਲੀਆਂ ਦੌਰਾਨ ਹਜ਼ਾਰਾਂ ਦੇ ਵੱਡੇ ਇਕੱਠ ਕਰਕੇ ਆਪਣਾ ਦਮ ਦਿਖਾ ਦਿੱਤਾ ਹੈ ਤੇ ਇਹ ਉਲ੍ਹਾਰ ਦੇਖਕੇ ਬਸਪਾ ਦੇ ਵਰਕਰਾਂ ਵਿੱਚ ਪਹਿਲਾਂ ਨਾਲੋਂ ਵੀ ਜ਼ਿਆਦਾ ਜੋਸ਼ ਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਹੁਣ ਵਾਰੀ ਅਕਾਲੀ ਦਲ ਦੀ ਹੈ ਅਤੇ ਇਹ ਦੇਖਣ ਵਾਲੀ ਗੱਲ ਰਹੇਗੀ ਕਿ ਅਕਾਲੀ-ਬਸਪਾ ਦੀ ਸਾਂਝੀ ਰੈਲੀ ਦੌਰਾਨ ਅਕਾਲੀ ਦਲ ਦੇ ਵਰਕਰਾਂ ਦਾ ਉਤਸ਼ਾਹ ਕਿਵੇਂ ਦਾ ਰਹਿੰਦਾ ਹੈ।

ਚੋਣਾਂ ਜਿੱਤਣ ਲਈ ਕਿਸੇ ਪਾਰਟੀ ਦਾ ਨਾਅਰੇ ਚੋਰੀ ਕਰਨਾ ਕਿੰਨਾਂ ਕੁ ਜਾਇਜ਼ ਹੈ ਇਸ ਗੱਲ ਦਾ ਜਵਾਬ ਤਾਂ ਵੋਟਾਂ ਤੋਂ ਬਾਅਦ ਹੀ ਮਿਲੇਗਾ ਪਰ ਹਾਂ, ਆਮ ਆਦਮੀ ਪਾਰਟੀ ਵੱਲੋਂ ਬਹੁਜਨ ਸਮਾਜ ਪਾਰਟੀ ਦਾ ਨਾਅਰਾ ਚੋਰੀ ਕਰਕੇ ਆਪਣੇ ਲਈ ਵੋਟਾਂ ਮੰਗੀਆਂ ਜਾ ਰਹੀਆਂ ਹਨ। ਇੱਥੇ ਦੱਸਣਾ ਬਣਦਾ ਹੈ ਕਿ ‘ਬਾਬਾ ਸਾਹਿਬ ਤੇਰਾ ਸੁਪਨਾ ਅਧੂਰਾ, ਕਾਂਸ਼ੀ ਰਾਮ ਕਰੇਗਾ ਪੂਰਾ’ ਦਾ ਨਾਅਰਾ ਬਸਪਾ ਵੱਲੋਂ ਅਕਸਰ ਹੀ ਦਿੱਤਾ ਜਾਂਦਾ ਰਿਹਾ ਹੈ। ਹੁਣ ਅਕਾਲੀ ਦਲ ਨਾਲ ਬਸਪਾ ਦਾ ਗੱਠਜੋੜ ਹੋ ਗਿਆ ਹੈ। ਬਸਪਾ ਦੇ ਵਰਕਰ ਉਸ ਸਮੇਂ ਵੀ ਕਿਸੇ ਤੋਂ ਘੱਟ ਨਹੀਂ ਸੀ ਹੁੰਦੇ ਜਦੋਂ ਉਨ੍ਹਾਂ ਨੂੰ ਪੰਜਾਬ ਵਿੱਚ ਸਰਕਾਰ ਬਣਨ ਦੀ ਆਸ ਨਾ ਮਾਤਰ ਹੀ ਦਿਸਦੀ ਹੁੰਦੀ ਸੀ ਪਰ ਇਸ ਸਮੇਂ ਤਾਂ ਸਰਕਾਰ ਬਣਨ ਅਤੇ ਸੱਤਾ ਵਿੱਚ ਆਉਣ ਲਈ ਪੂਰੀ ਤਰ੍ਹਾਂ ਨਾਲ ਆਸਵੰਦ ਬਸਪਾ ਦੇ ਵਰਕਰਾਂ ਦੇ ਜੋਸ਼ ਦੇ ਚੱਲਦਿਆਂ ਬਸਪਾ ਨੂੰ ਮਿਲ ਰਹੇ ਜ਼ਬਰਦਸਤ ਜਨਸਮਰਥਨ ਕਰਕੇ ਬਸਪਾ ਦੀਆਂ ਸਿਆਸੀ ਵਿਰੋਧੀ ਪਾਰਟੀਆਂ ਉਸ ਤੋਂ ਕਾਫੀ ਪਰੇਸ਼ਾਨ ਹਨ ਅਤੇ ਆਮ ਆਦਮੀ ਪਾਰਟੀ ਦੀ ਪਰੇਸ਼ਾਨੀ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਸਨੇ ਨਾਂ ਸਿਰਫ ਬਸਪਾ ਦਾ ਨਾਅਰਾ ‘ਬਾਬਾ ਸਾਹਿਬ ਤੇਰਾ ਸੁਪਨਾ ਅਧੂਰਾ, ਕਾਂਸ਼ੀ ਰਾਮ ਕਰੇਗਾ ਪੂਰਾ’ ਨੂੰ ਚੋਰੀ ਕਰਕੇ ਉਸਨੂੰ ਕੇਜਰੀਵਾਲ ਨਾਲ ਜੋੜਿਆ ਸਗੋਂ ‘ਬਾਬਾ ਸਾਹਿਬ ਤੇਰਾ ਸੁਪਨਾ ਅਧੂਰਾ, ਕੇਜਰੀਵਾਲ ਕਰੇਗਾ ਪੂਰਾ’ ਦੇ ਨਾਅਰੇ ਦੇ ਕਲੰਡਰ ਬਣਾ ਕੇ ਆਪਣੇ ਪੇਡ ਵਰਕਰਾਂ ਰਾਹੀਂ ਘਰੋ ਘਰੀ ਵੰਡਣ ਲਈ ਲੱਗੇ ਹੋਏ ਹਨ। ਅਜਿਹੇ ਹਾਲਾਤਾਂ ਵਿੱਚ ਬਸਪਾ ਦੀ ਤਾਕਤ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ ਕਿ ਪੰਜਾਬ ਦੀ ਵਿਰੋਧੀ ਧਿਰ ਵੱਲੋਂ ਬਸਪਾ ਦਾ ਨਾਅਰਾ ਚੋਰੀ ਕਰਕੇ ਉਸਨੂੰ ਆਪਣਾ ਬਣਾ ਕੇ ਲੋਕਾਂ ਵਿੱਚ ਪ੍ਰਚਾਰਿਆ ਜਾ ਰਿਹਾ ਹੈ ਪਰ ਸ਼ਾਇਦ ਇਹ ਨਾਅਰਾ ਉਨ੍ਹਾਂ ਦੇ ਕੰਮ ਨਹੀਂ ਆਉਣਾ ਕਿਉਂਕਿ ਬਸਪਾ ਦੇ ਵੋਟਬੈਂਕ ਨੂੰ ਤਾਂ ਉਸ ਸਮੇਂ ਨਹੀਂ ਸੀ ਤੋੜਿਆ ਜਾ ਸਕਿਆ ਜਦੋਂ ਸਰਕਾਰ ਦੀ ਆਸ ਨਹੀਂ ਸੀ ਹੁੰਦੀ, ਹੁਣ ਤਾਂ ਅਕਾਲੀ ਦਲ ਨਾਲ ਰਲ ਕੇ ਬਸਪਾ ਸਰਕਾਰ ਬਣਾਉਣ ਦਾ ਸੁਪਨਾ ਹਕੀਕਤ ਵਿੱਚ ਬਦਲਣ ਜਾ ਰਹੀ ਹੈ।

Exit mobile version