Indian PoliticsLudhiana NewsNationNewsPunjab newsWorld

ਕੀ ਅੱਜ ਮੁੱਕੇਗਾ ਕਾਂਗਰਸ ਦਾ ਕਲੇਸ਼ ? ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਮਿਲਣ ਪਹੁੰਚੇ ਨਵਜੋਤ ਸਿੱਧੂ

ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਅੱਜ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕਰ ਰਹੇ ਹਨ। ਪੰਜਾਬ ਭਵਨ ਵਿਖੇ ਹੋ ਰਹੀ ਇਸ ਮੀਟਿੰਗ ਦੌਰਾਨ ਕੈਬਨਿਟ ਮੰਤਰੀ ਪ੍ਰਗਟ ਸਿੰਘ, ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ, ਪਵਨ ਗੋਇਲ ਅਤੇ ਸੁਪਰਵਾਈਜ਼ਰ ਹਰੀਸ਼ ਚੌਧਰੀ ਵੀ ਮੌਜੂਦ ਸਨ।

ਦਰਅਸਲ, 28 ਸਤੰਬਰ ਨੂੰ ਚੰਨੀ ਸਰਕਾਰ ਦੇ ਫੈਸਲਿਆਂ ਤੋਂ ਨਾਰਾਜ਼ ਹੋ ਕੇ ਸਿੱਧੂ ਨੇ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ, ਸੀਐਮ ਨੇ ਕਿਹਾ ਸੀ ਕਿ ਮੁੱਦਿਆਂ ਨੂੰ ਗੱਲਬਾਤ ਰਾਹੀਂ ਹੱਲ ਕੀਤਾ ਜਾਵੇਗਾ। ਬੁੱਧਵਾਰ ਨੂੰ ਸੀਐਮ ਚੰਨੀ ਨੇ ਕਿਹਾ ਸੀ, “ਮੈਂ ਅੱਜ ਸਿੱਧੂ ਸਾਹਿਬ ਨਾਲ ਟੈਲੀਫੋਨ ‘ਤੇ ਗੱਲ ਕੀਤੀ। ਪਾਰਟੀ ਸਰਵਉੱਚ ਹੈ, ਸਰਕਾਰ ਪਾਰਟੀ ਦੀ ਵਿਚਾਰਧਾਰਾ ਨੂੰ ਸਵੀਕਾਰ ਕਰਦੀ ਹੈ ਅਤੇ ਉਸ ਦੀ ਪਾਲਣਾ ਕਰਦੀ ਹੈ। ਮੈਂ ਉਨ੍ਹਾਂ ਨੂੰ ਕਿਹਾ ਤੁਸੀਂ ਆਓ, ਬੈਠੋ ਅਤੇ ਗੱਲ ਕਰੋ।”

ਹਾਲਾਂਕਿ ਅੱਜ ਦੀ ਮੁਲਾਕਾਤ ਬਾਰੇ ਨਵਜੋਤ ਸਿੰਘ ਸਿੱਧੂ ਨੇ ਖੁਦ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ। ਉਨ੍ਹਾਂ ਨੇ ਟਵੀਟ ਕਰ ਕਿਹਾ ਸੀ ਕਿ, “ਮੁੱਖ ਮੰਤਰੀ ਨੇ ਮੈਨੂੰ ਗੱਲਬਾਤ ਲਈ ਸੱਦਾ ਦਿੱਤਾ ਹੈ … ਅੱਜ ਦੁਪਹਿਰ 3:00 ਵਜੇ ਪੰਜਾਬ ਭਵਨ, ਚੰਡੀਗੜ੍ਹ ਪਹੁੰਚਣਗੇ ਅਤੇ ਗੱਲਬਾਤ ਕਰਨਗੇ, ਕਿਸੇ ਵੀ ਚਰਚਾ ਲਈ ਉਨ੍ਹਾਂ ਦਾ ਸਵਾਗਤ ਹੈ!” ਤੁਹਾਨੂੰ ਦੱਸ ਦੇਈਏ ਕਿ ਚੰਨੀ ਸਰਕਾਰ ਦੇ ਕੁੱਝ ਫੈਸਲਿਆਂ ਅਤੇ ਕੁੱਝ ਨਾਪਸੰਦ ਲੋਕਾਂ ਨੂੰ ਮੰਤਰੀ ਮੰਡਲ ਵਿੱਚ ਜਗ੍ਹਾ ਦਿੱਤੇ ਜਾਣ ਕਾਰਨ ਨਾਰਾਜ਼ ਸਿੱਧੂ ਨੇ 28 ਸਤੰਬਰ ਮੰਗਲਵਾਰ ਨੂੰ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਸੋਨੀਆ ਗਾਂਧੀ ਨੂੰ ਭੇਜੇ ਆਪਣੇ ਅਸਤੀਫ਼ੇ ਪੱਤਰ ਵਿੱਚ ਉਨ੍ਹਾਂ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਬੁੱਧਵਾਰ ਨੂੰ ਵੀ ਇੱਕ ਵੀਡੀਓ ਸੰਦੇਸ਼ ਵਿੱਚ ਉਨ੍ਹਾਂ ਨੇ ਲੜਾਈ ਲੜਨ ਦੀ ਗੱਲ ਕਹੀ ਸੀ। ਜੁਲਾਈ ਦੇ ਆਖ਼ਰੀ ਹਫ਼ਤੇ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਮੁਖੀ ਬਣਾਇਆ ਗਿਆ ਸੀ।

Comment here

Verified by MonsterInsights